ਰੂਪਨਗਰ ਵਿੱਚ ਅੱਜ ਮਿਤੀ 28-05-2021 ਨੂੰ ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਪੰਜਵੇਂ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ, ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਅਤੇ ਤਹਿਸੀਲ ਦਫ਼ਤਰਾਂ ਦੇ ਦਫ਼ਤਰੀ ਕਾਮੇ ਸਮੂਹਿਕ ਛੁੱਟੀ (ਕਲਮਛੋੜ ਹੜਤਾਲ) ਤੇ ਰਹੇ।
ਜਿਲ੍ਹਾ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਮਾਲ ਵਿਭਾਗ ਵੱਲੋਂ ਡੀ.ਸੀ. ਦਫ਼ਤਰ ਕਰਮਚਾਰੀਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਲੰਬੇ ਸਮੇਂ ਤੋਂ ਲਾਗੂ ਨਾ ਕਰਨ ਅਤੇ ਡੀ.ਸੀ. ਦਫ਼ਤਰ ਕਰਮਚਾਰੀਆਂ ਦੀ ਕੋਈ ਉੱਘ ਸੁੱਘ ਨਾ ਲੈਣ ਦੇ ਰੋਸ ਵਜੋਂ ਕਰਮਚਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਸਮੂਹਿਕ ਛੁੱਟੀ ਅੱਜ ਵੀ ਜਾਰੀ ਹੈ। ਇਸ ਦੌਰਾਨ ਕੇਵਲ ਕੋਵਿਡ-19 ਨਾਲ ਸਬੰਧਿਤ ਕੰਮ ਹੀ ਆਨਲਾਈਨ ਕੀਤਾ ਗਿਆ ਹੈ। ਕਰਮਚਾਰੀਆਂ ਦੀ ਸਮੂਹਿਕ ਛੁੱਟੀ ਦੇ ਸਿੱਟੇ ਵੱਜੋਂ ਡੀ.ਸੀ. ਦਫ਼ਤਰ ਸਮੇਤ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ/ਤਹਿਸੀਲਾ ਦਫ਼ਤਰਾਂ ਵਿੱਚ ਕੰਮਕਾਜ ਬਿਲਕੁੱਲ ਠੱਪ ਰਿਹਾ, ਜਿਸ ਕਾਰਨ ਆਮ ਜਨਤਾ ਨੂੰ ਆਪਣੇ ਰੋਜ਼ਾਨਾ ਕੰਮਾਂ ਕਾਰਾਂ ਅਤੇ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਵਿੱਚ ਕਾਫ਼ੀ ਦਿੱਕਤਾਂ ਪੇਸ਼ ਆ ਰਹੀਆਂ ਹਨ ਅਤੇ ਲੋਕਾਂ ਨੂੰ ਬਿਨ੍ਹਾਂ ਕੰਮ ਕਰਵਾਏ ਨਿਰਾਸ਼ ਹੋ ਕੇ ਘਰਾਂ ਨੂੰ ਵਾਪਿਸ ਪਰਤਣਾ ਪਿਆ।
ਰੋਜ਼ਾਨਾ ਕੰਮਾਂ ਵਿੱਚ ਮੁੱਖ ਤੌਰ ਤੇ ਰਜਿਸਟ੍ਰੇਸ਼ਨ ਦਾ ਕੰਮ/ਟਰਾਂਸਪੋਰਟ ਦਾ ਕੰਮ, ਮੈਰਿਜ ਸਰਟੀਫਿਕੇਟ, ਅਸਲਾ ਲਾਈਸੈਂਸ, ਜਾਤੀ ਸਰਟੀਫਿਕੇਟ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਸਰਟੀਫੇਕਟਾਂ ਆਦਿ ਦਾ ਕੰਮ ਆਦਿ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਪ੍ਰਭਾਵਿਤ ਹੋ ਰਹੀਆਂ ਲੋਕ ਸੇਵਾਵਾਂ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਅਜੇ ਤੱਕ ਸਰਕਾਰ ਵੱਲੋਂ ਜਥੇਬੰਦੀ ਨਾਲ ਕੋਈ ਵੀ ਰਾਬਤਾ ਕਾਇਮ ਨਹੀਂ ਕੀਤਾ ਗਿਆ ਹੈ ਅਤੇ ਮੁਲਾਜ਼ਮਾਂ ਦੀਆ ਮੰਗਾਂ ਪ੍ਰਤੀ ਨਾਕਾਰਤਮਕ ਰੱਵਈਆ ਅਪਣਾਇਆ ਹੋਇਆ ਹੈ।
ਜਿਲ੍ਹਾ ਪ੍ਰਧਾਨ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰ ਦੇ ਇਸ ਅੜੀਅਲ ਰਵੱਈਏ ਪ੍ਰਤੀ ਰੋਸ ਵਜੋਂ ਸਮੂਹ ਮੁਲਾਜ਼ਮਾਂ ਵੱਲੋਂ ਅੱਜ ਮਿਤੀ 28-5-21 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਸਮੂਹ ਜਥੇਬੰਦੀ ਵੱਲੋਂ ਸਬ ਡਵੀਜਨ ਦਫ਼ਤਰਾਂ ਵਿੱਚ ਜਾ ਕੇ ਜਿਹੜੇ ਕਰਮਚਾਰੀ ਕੰਮ ਕਰਦੇ ਪਾਏ ਗਏ ਉਨ੍ਹਾਂ ਖਿਲਾਫ਼ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਅਜੇ ਵੀ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਮੰਨੀਆਂ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਅਤੇ ਯੂਨੀਅਨ ਨੂੰ ਮੀਟਿੰਗ ਦਾ ਕੋਈ ਸਮਾਂ ਨਹੀਂ ਦਿੱਤਾ ਗਿਆ ਤਾਂ ਅੱਗੇ ਸਟੇਟ ਬਾਡੀ ਦੇ ਹੁਕਮਾਂ ਅਨੁਸਾਰ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਕੋਰੋਨਾ ਦੀ ਦੂਜੀ ਲਹਿਰ ਲਈ PM ਮੋਦੀ ਨੂੰ ਠਹਿਰਾਇਆ ਜਿੰਮੇਵਾਰ ਤੇ Covid ਨੂੰ ਕਿਹਾ Movid, ਪੜ੍ਹੋ ਪੂਰੀ ਖਬਰ
ਇਸ ਮੌਕੇ ਸ੍ਰੀ ਕਿਸ਼ਨ ਸਿੰਘ, ਸ੍ਰੀ ਮਲਕੀਤ ਸਿੰਘ, ਸ੍ਰੀ ਕਾਕਾ ਸਿੰਘ, ਸ੍ਰੀ ਦਿਨੇਸ਼ ਜੈਨ, ਸ੍ਰੀ ਬੁੱਧ ਸਿੰਘ, ਸ੍ਰੀ ਮਨੋਜ ਕੁਮਾਰ, ਸ੍ਰੀ ਰਾਜਨ ਗੁਪਤਾ, ਸ੍ਰੀ ਜਸਵੀਰ ਸਿੰਘ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਰਾਜੀ ਰਾਣੀ, ਸ੍ਰੀ ਜਸਪ੍ਰੀਤ ਸਿੰਘ, ਸ੍ਰੀ ਦੀਪਕ ਰਾਵਤ, ਸ੍ਰੀ ਕਰਮਵੀਰ ਸਿੰਘ, ਸ੍ਰੀ ਮਹੇਸ਼ ਜੋਸ਼ੀ, ਸ੍ਰੀ ਭੁਪਿੰਦਰ ਕੁਮਾਰ, ਸ੍ਰੀ ਹਰਦੀਪ ਸਿੰਘ, ਸ੍ਰੀ ਭੁਪਿੰਦਰ ਸਿੰਘ ਰਿੰਕੂ ਆਦਿ ਹਾਜ਼ਰ ਰਹੇ।
ਇਹ ਵੀ ਦੇਖੋ : ਲੁਧਿਆਣਾ ‘ਚ ਰਹਿ ਕੇ ਕੈਂਬਰਿਜ ਵਰਗੀ ਪੜ੍ਹਾਈ, ਨਤੀਜਾ ਇਨ੍ਹਾਂ ਬੱਚਿਆਂ ਦਾ IQ ਲੈਵਲ ਪਾਉਂਦੇ ਵੱਡੇ-ਵੱਡਿਆਂ ਨੂੰ ਮਾਤ