DC varinder sharma advice leaders: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਪਰ ਫਿਰ ਵੀ ਆਮ ਜਨਤਾ ਦੇ ਨਾਲ ਸਿਆਸੀ ਆਗੂਆਂ ਵੱਲੋਂ ਇਸ ਪ੍ਰਤੀ ਲਾਪਰਵਾਹੀ ਵਰਤੀ ਜਾ ਰਹੀ ਹੈ। ਜਿਸ ਦੇ ਮੱਦੇਨਜ਼ਰ ਹੁਣ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦਫਤਰ ਦੇ ਬਾਹਰ ਸਿਆਸੀ ਆਗੂਆਂ ਵੱਲੋਂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਖਾਸ ਅਪੀਲ ਕੀਤੀ ਹੈ। ਦਰਅਸਲ ਫੇਸਬੁੱਕ ਮੈਸੇਜ ਰਾਹੀਂ ਉਨ੍ਹਾਂ ਨੇ ਕਿਹਾ ਹੈ ਕਿ ਰਾਜਨੀਤਿਕ ਲੋਕ ਧਰਨਾ ਪ੍ਰਦਰਸ਼ਨ ਆਦਿ ਨਾ ਕਰਨ ਅਤੇ ਭੀੜ ਆਦਿ ਵੀ ਇਕੱਠੀ ਨਾ ਕਰਨ। ਇਸ ਨਾਲ ਜ਼ਿਆਦਾ ਬੀਮਾਰੀ ਫੈਲ ਸਕਦੀ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਇਨਸਾਫ ਲਈ ਅਦਾਲਤ ਵੀ ਹੈ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਦੀ ਪਰੇਸ਼ਾਨੀ ਵੱਧ ਗਈ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਬੀਤੇ ਮਹੀਨੇ ਜੁਲਾਈ ਦੇ ਮੁਕਾਬਲੇ ਅਗਸਤ ‘ਚ ਕੋਰੋਨਾ ਨੇ ਦੁੱਗਣੀ ਰਫਤਾਰ ਫੜੀ ਹੋਈ ਹੈ।ਹੁਣ ਤੱਕ ਮਹਾਨਗਰ ‘ਚ 255 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 10 ਲੋਕਾਂ ਦੀ ਮੌਤ ਹੋਈ ਸੀ। ਹੁਣ ਤੱਕ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 5767 ਤੱਕ ਪਹੁੰਚ ਚੁੱਕੀ ਹੈ ਜਦਕਿ 194 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ 1699 ਸਰਗਰਮ ਮਾਮਲੇ ਹਨ ਅਤੇ 3871 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਲੁਧਿਆਣਾ ‘ਚ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਇਲਾਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 659 ਤੱਕ ਪਹੁੰਚ ਚੁੱਕੀ ਹੈ ਜਦਕਿ 48 ਲੋਕਾਂ ਦੀ ਮੌਤ ਹੋਈ ਹੈ।