Farmer leaders organise mahapanchayat Ludhiana: ਲੁਧਿਆਣਾ (ਤਰਸੇਮ ਭਾਰਦਵਾਜ)- ਸਥਾਨਕ ਅੰਬੇਡਕਰ ਚੌਂਕ ਜਲੰਧਰ ਬਾਈਪਾਸ ਨੇੜੇ ਪੈਂਦੀ ਦਾਣਾ ਮੰਡੀ ਵਿਖੇ 28 ਮਾਰਚ ਭਾਵ ਐਤਵਾਰ ਨੂੰ ਹੋ ਰਹੀ ‘ਕਿਰਤੀ ਕਿਸਾਨ ਮਹਾਂਪੰਚਾਇਤ’ ਨੂੰ ਓਦੋਂ ਵੱਡਾ ਬਲ ਮਿਲਿਆ, ਜਦੋਂ ਓ.ਬੀ.ਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਦੇ ਪ੍ਰਧਾਨ ਆਰਕੀਟੈਕਟ ਕਰਮਜੀਤ ਸਿੰਘ ਨਾਰੰਗਵਾਲ ਵੱਲੋਂ ਮਹਾਂਪੰਚਾਇਤ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ ਗਿਆ। ਮਹਾਂਪੰਚਾਇਤ ਦੇ ਕਰਤਾ ਧਰਤਾ ਸੀਨੀਅਰ ਆਈ.ਏ.ਐੱਸ ਸ੍ਰੀ ਐੱਸ. ਆਰ. ਲੱਧੜ ਨੇ ਸ: ਨਾਰੰਗਵਾਲ ਵੱਲੋਂ ਉਨਾਂ ਦੇ ਦਫਤਰ ‘ਚ ਰੱਖੀ ਮੀਟਿੰਗ ‘ਚ ਸ਼ਿਰਕਤ ਕੀਤੀ, ਜਿਥੇ ਸ੍ਰੀ ਨਾਰੰਗਵਾਲ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਫਰੰਟ ਦੇ ਹਜਾਰਾਂ ਸਾਥੀ ਇਸ ਮਹਾਂਪੰਚਾਇਤ ‘ਚ ਪਹੁੰਚਗੇ। ਮਹਾਂਪੰਚਾਇਤ ਬਾਰੇ ਜਾਣਕਾਰੀ ਦਿੰਦਿਆਂ ਐੱਸ.ਆਰ. ਲੱਧੜ ਨੇ ਦੱਸਿਆ ਕਿ ਕਾਲੇ ਕਿਸਾਨ ਕਾਨੂੰਨਾਂ ਬਾਰੇ ਤਾਂ ਸਾਰਾ ਵਿਸ਼ਵ ਜਾਣ ਗਿਆ ਹੈ ਪਰ ਨਵੇਂ ਮਹਾਂ ਕਾਲੇ ਕਿਰਤ ਕਾਨੂੰਨਾਂ ਬਾਰੇ ਕੋਈ ਨਹੀ ਜਾਣਦਾ, ਜੋ ਕਿਸਾਨੀ ਕਾਨੂੰਨਾਂ ਤੋਂ ਵੀ ਭੈੜੇ ਹਨ। ਮਜ਼ਦੂਰ ਵਰਗ ਨੂੰ ਇਹਨਾਂ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਅਤੇ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ। ਉਨਾ ਦੱਸਿਆ ਕਿ ਇਸ ਸਮਾਗਮ ‘ਚ ਮੁਸਲਮਾਨ, ਨਾਮਧਾਰੀ, ਇਸਾਈ, ਹਿੰਦੂ, ਸਿੱਖ ਅਤੇ ਕਮਜ਼ੋਰ ਵਰਗਾਂ ਦੇ ਲੋਕ ਪਹੁੰਚ ਰਹੇ ਹਨ। ਸੇਵਾ ਮੁਕਤ ਫ਼ੌਜੀ ਜਵਾਨ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਰਹੇ ਹਨ। ਕਾਨੂੰਨੀ ਮਾਹਰ ਕਿਰਤ ਅਤੇ ਕਿਸਾਨ ਕਾਨੂੰਨਾਂ ਸਬੰਧੀ ਲੋਕਾਂ ਨੂੰ ਚਾਨਣਾ ਪਾਉਣਗੇ। ਉਨਾ ਦੱਸਿਆ ਕਿ ਇਸ ਮਹਾਂ ਪੰਚਾਇਤ ‘ਚ ਕੌਮੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਲਛਮਣ ਸਿੰਘ ਸੇਵਾਵਾਲ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਕੀਲ ਭਾਨੂੰ ਪ੍ਰਤਾਪ ਸਿੰਘ, ਰਜਿੰਦਰ ਸ਼ਾਹ ਅਤੇ ਮਜਦੂਰ ਆਗੂ ਨੌਦੀਪ ਕੌਰ ਵੀ ਪਹੁੰਚ ਰਹੇ ਹਨ।
ਕੋਰੋਨਾ ਅਤੇ ਸਰਕਾਰੀ ਹਦਾਇਤਾਂ ਨੂੰ ਧਿਆਨ ‘ਚ ਰੱਖਦਿਆਂ ਮਾਸਕਾਂ ਅਤੇ ਸੈਨੇਟਾਈਜਰਾਂ ਦਾ ਵੱਡਾ ਪ੍ਰਬੰਧ ਕੀਤਾ ਗਿਆ ਹੈ। ਉਨਾ ਕਿਹਾ ਕਿ ਕੇਂਦਰ ਸਰਕਾਰ ਪੂੰਜੀਪਤੀਆਂ ਨੂੰ ਵੱਡੇ ਲਾਭ ਪਹੁੰਚਾਉਣ ਲਈ ਇੱਕ ਤੋਂ ਬਾਦ ਦੂਜੀ ਮਨਮਰਜ਼ੀ ਕਰਕੇ ਦੇਸ਼ ਨੂੰ ਨੀਲਾਮ ਕਰਨ ਵੱਲ ਤੁਰੀ ਹੈ ਤੇ ਸਾਡਾ (ਅਫਸਰਸ਼ਾਹੀ) ਇਹ ਫਰਜ ਬਣਦਾ ਹੈ ਕਿ ਅਸੀ ਮੋਦੀ ਸਰਕਾਰ ਨੂੰ ਅਜਿਹਾ ਕਰਨ ਤੋਂ ਰੋਕੀਏ ਤੇ ਭੋਲੀ ਜਨਤਾ ਨੂੰ ਉਨ੍ਹਾਂ ਦੀ ਹੋ ਰਹੀ ਲੁੱਟ ਤੋਂ ਜਾਣੂ ਕਰਵਾ ਸੁਚੇਤ ਕਰੀਏ। ਸ: ਨਾਰੰਗਵਾਲ ਨੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਲੋਕਾਂ ਨੂੰ ਡਟਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਇਸ ਮਹਾਂ ਪੰਚਾਇਤ ‘ਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰੋਫੈਸਰ ਮੋਹਣ ਸਿੰਘ ਫਾਊਂਡੇਸ਼ਨ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਗਰੇਵਾਲ, ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ, ਪਰਮਜੀਤ ਸਿੰਘ ਗਿੱਲ, ਜਪਨਾਮ ਸਿੰਘ ਪ੍ਰਧਾਨ, ਬੀ.ਆਰ ਹੀਰਾ, ਹਰਪ੍ਰੀਤ ਸਿੰਘ ਗੁਰਮ, ਉਦੇ ਭਾਨ, ਸੁਭਾਸ਼, ਕਮੇਸ਼ਵਰ ਅਤੇ ਹੋਰ ਹਾਜ਼ਰ ਸਨ।