Farmers’ interests will : ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੋਧ ਕਰਕੇ ਇਨ੍ਹਾਂ ‘ਚ ਘੱਟੋ-ਘੱਟ ਸਮਰਥਨ ਮੁੱਲ (MSP) ਤੇ ਭਾਰਤੀ ਖਾਧ ਨਿਗਮ (FCI) ਦੀ ਹੋਂਦ ਬਰਕਰਾਰ ਰੱਖਣ ਦੀ ਲਿਖਤ ਗਾਰੰਟੀ ਨਹੀਂ ਦਿੱਤੀ ਜਾਂਦੀ। ਕਾਂਗਰਸ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ਕਰਦੀ ਰਹੇਗੀ। ਰਾਏਕੋਟ ਦੇ ਪਿੰਡ ਲੰਮਾ ਜੱਟਪੁਰਾ ‘ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਨੇ ਕਿਹਾ ਕੇਂਦਰ ਸਰਕਾਰ ਕੁਝ ਫਸਲਾਂ ਲਈ MSP ਦੇ ਸਕਦੀ ਹੈ ਪਰ ਆਖਰੀ ਪਲ ਇਸ ਵਿਵਸਥਾ ਨੂੰ ਖਤਮ ਕਰ ਦਿੱਤਾ ਜਾਵੇਗਾ। ਕਾਂਗਰਸ ਕਿਸਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਦੇ ਹਿੱਤਾਂ ਨੂੰ ਹਰ ਕੀਮਤ ‘ਤੇ ਸੁਰੱਖਿਅਤ ਰੱਖਿਆ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਫਾਇਦਾ ਪਹੁੰਚਾਉਣ ਲਈ ਆੜ੍ਹਤੀ ਤੇ ਕਿਸਾਨ ਵਿਚ ਦਹਾਕਿਆਂ ਪੁਰਾਣੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੈਲੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪੰਜਾਬ ਵਿਧਾਨ ਸਭਾ ਦੀ ਬੈਠਕ ਬੁਲਾਉਣੀ ਪਵੇ ਜਾਂ ਸੁਪਰੀਮ ਕੋਰਟ ਜਾਣਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ। ਕੈਪਟਨ ਨੇ ਕਿਹਾ ਕਿ ਜੇਕਰ ਅਡਾਨੀ ਤੇ ਅੰਬਾਨੀ ਆਏ ਤਾਂ ਅੱਜ ਜੋ ਹਾਲ ਮੱਕੀ ਦੀ ਹੋ ਰਹੀ ਹੈ, ਉਹੀ ਹਾਲ ਕਣਕ ਤੇ ਚਾਵਲ ਦਾ ਹੋ ਜਾਵੇਗਾ। ਆੜ੍ਹਤੀ ਤੇ ਕਿਸਾਨ ਦੇ 60 ਸਾਲ ਪੁਰਾਣੇ ਰਿਸ਼ਤੇ ਨੂੰ ਖਤਮ ਕੀਤਾ ਜਾ ਰਿਹਾ ਹੈ।