farmers protests : ਲੁਧਿਆਣਾ,(ਤਰਸੇਮ ਭਾਰਦਵਾਜ)-ਨਵੇਂ ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਲਗਾਤਾਰ 3-4 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।ਕੇਂਦਰ ਸਰਕਾਰ ਵਲੋਂ 3 ਨਵੇਂ ਖੇਤੀ ਬਿੱਲ ਲੋਕ ਸਭਾ ‘ਚ ਪਾਸ ਕਰਵਾਏ ਜਾਣ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਪਹੁੰਚ ਚੁੱਕਾ ਹੈ।ਇਹ ਬਿੱਲ ਰਾਜ ਸਭਾ ‘ਚ ਪੇਸ਼ ਹੁੰਦਿਆਂ ਹੀ ਕਿਸਾਨਾਂ ਨੇ ਪੂਰੇ ਪੰਜਾਬ ‘ਚ ਧਰਨੇ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ।ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ
ਆਰਡੀਨੈਂਸ ਦੀਆਂ ਕਾਪੀਆਂ ਸਾੜਦੇ ਹੋਏ ‘ਮੁਰਦਾਬਾਦ’ ਦੇ ਨਾਅਰੇ ਲਾਏ।ਸੂਬਾ ਪੱਧਰੀ ਕਿਸਾਨਾਂ ਦੇ ਇਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ 24 ਅਤੇ 26 ਸਤੰਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ ਅਤੇ 25 ਸਤੰਬਰ ਨੂੰ ਪੰਜਾਬ ਸਮੇਤ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਅਤੇ ਯੂ.ਪੀ. ‘ਚ ਵੀ ਬੰਦ ਦਾ ਸੱਦਾ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਰੇਲ ਗੱਡੀਆਂ ਅਤੇ ਆਵਾਜਾਈ ਤੋਂ ਬਿਨ੍ਹਾਂ ਹਰੇਕ ਚੀਜ਼ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।