Flour mill worker : ਧਨੌਲਾ : ਬਰਨਾਲਾ-ਸੰਗਰੂਰ ਨੈਸ਼ਨਲ ਹਾਈਵੇ ‘ਤੇ ਭੱਠਲਾ ਰੋਡ ਸਥਿਤ ਚੌਧਰੀ ਆਟਾ ਚੱਕੀ ‘ਤੇ ਕੰਮ ਕਰਨ ਵਾਲੇ ਵਿਅਕਤੀ ‘ਤੇ ਸ਼ਨੀਵਾਰ ਦੇਰ ਰਾਤ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਹਿਲਾਂ ਉਸ ਦੀ ਅੱਖ ‘ਚ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਫਿਰ ਗਲਾ ਘੋਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਸੂਰਜ ਕੁਮਾਰ ਮੂਲ ਤੌਰ ਤੋਂ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਇਨ੍ਹੀਂ ਦਿਨੀਂ ਆਬਾਦ ਧਨੌਲਾ ‘ਚ ਰਹਿ ਰਿਹਾ ਸੀ। ਹੱਤਿਆ ਤੋਂ ਬਾਅਦ ਹਮਲਾਵਰ ਉਥੇ ਖੜੀ ਸਵਿਫਟ ਕਾਰ ਲੈ ਗਿਆ। ਘਟਨਾ ਦਾ ਪਤਾ ਐਤਵਾਰ ਸਵੇਰੇ ਉਦੋਂ ਲੱਗਾ ਜਦੋਂ ਚੱਕੀ ਮਾਲਕ ਸਤਪਾਲ ਚੌਧਰੀ ਉਥੇ ਪੁੱਜਾ।
ਮਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦੋਸ਼ੀਆਂ ਨੇ ਚੱਕੀ ਨਾਲ ਲੱਗਦੀ ਟਾਇਰ ਦੀ ਦੁਕਾਨ ਤੇ ਬੈਂਕ ‘ਚ ਵੀ ਸੇਧ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਚੱਕੀ ਮਾਲਕ ਸਤਪਾਲ ਚੌਧਰੀ ਨੇ ਦੱਸਿਆ ਕਿ ਉਹ ਆਪਣੇ ਵੱਡੇ ਭਰਾ ਹਰਸੇਵਕ ਤੇ ਛੋਟੇ ਭਰਾ ਹਰਸੰਪਤ ਨਾਲ ਬਰਨਾਲਾ-ਸੰਗਰੂਰ ਨੈਸ਼ਨਲ ਹਾਈਵੇ ਭੱਠਲਾਂ ਰੋਡ ‘ਤੇ ਸਥਿਤ ਚੌਧਰੀ ਆਟਾ ਚੱਕੀ ਚਲਾਉਂਦੇ ਹਨ। ਸ਼ਨੀਵਾਰ ਨੂੰ ਚੱਕੀ ਬੰਦ ਕਰਕੇ ਉਹ ਚਲੇ ਗਏ।ਸੂਰਜ ਕੁਮਾਰ ਚੱਕੀ ‘ਤੇ ਹੀ ਰਹਿੰਦਾ ਸੀ। ਸ਼ਨੀਵਾਰ ਨੂੰ ਉਹ ਉਨ੍ਹਾਂ ਤੋਂ ਰਾਤ ਦਾ ਖਾਣਾ ਲੈ ਕੇ ਚੱਕੀ ‘ਤੇ ਵਾਪਸ ਆ ਗਿਆ ਪਰ ਜਦੋਂ ਉਨ੍ਹਾਂ ਨੇ ਸਵੇਰੇ ਆ ਕੇ ਚੱਕੀ ਦਾ ਗੇਟ ਖੋਲ੍ਹਣ ਲਈ ਆਵਾਜ਼ ਮਾਰੀ ਤਾਂ ਅੰਦਰੋਂ ਕੋਈ ਜਵਾਬ ਨਹੀਂ ਆਇਆ।
ਜਦੋਂ ਦੀਵਾਰ ਟੱਪ ਕੇ ਉਹ ਚੱਕੀ ਅੰਦਰ ਦਾਖਲ ਹੋਏ ਤਾਂ ਸੂਰਜ ਖੂਨ ਨਾਲ ਲੱਥਪੱਥ ਮੰਜੀ ‘ਤੇ ਪਿਆ ਸੀ। ਉਨ੍ਹਾਂ ਦੱਸਿਆ ਕਿ ਸੂਰਜ ਦੀ ਹਾਲਤ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਦੋਸ਼ੀਆਂ ਨੇ ਕਾਰ ਚੋਰੀ ਕਰਨ ਨੂੰ ਲੈ ਕੇ ਸੂਰਜ ਵੱਲੋਂ ਵਿਰੋਧ ਕਰਨ ‘ਤੇ ਪਹਿਲਾਂ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਅੱਖ ਫੋੜ ਦਿੱਤੀ ਤੇ ਫਿਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਥੋਂ ਫਰਾਰ ਹੋ ਗਏ। ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।