Former Army man Corona: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਹੁਣ ਨਵਾਂ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਨਸੂਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਕਾਰਨ ਸਾਬਕਾ ਫੌਜੀ ਦੀ ਮੌਤ ਹੋ ਗਈ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਓਮ ਪ੍ਰਕਾਸ਼ ਮਨਸੂਰਾ ਨੇ ਦੱਸਿਆ ਹੈ ਕਿ 68 ਸਾਲਾ ਸਾਬਕਾ ਫੌਜੀ ਹਰਦੀਪ ਸਿੰਘ ਨੂੰ ਬੀਤੀ ਦਿਨੀਂ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਡੀ.ਐੱਮ.ਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਮ੍ਰਿਤਕ ਮਰੀਜ਼ ਦਿਲ ਦੀ ਬੀਮਾਰੀ ਨਾਲ ਪੀੜਤ ਦੱਸਿਆ ਜਾ ਰਿਹਾ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਤਰੁੰਤ ਕਾਰਵਾਈ ਕਰਦੇ ਇਲਾਕਾ ਸੀਲ ਕਰ ਦਿੱਤਾ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਸਮੇਤ 9 ਸ਼ੱਕੀ ਲੋਕਾਂ ਦੇ ਕੋਰੋਨਾ ਸੈਂਪਲ ਜਾਂਚ ਲਈ ਭੇਜੇ ਗਏ ਹਨ। ਜੇਕਰ ਗੱਲ ਕਰੀਏ ਲੁਧਿਆਣਾ ਵਿੱਚ ਕੋਰੋਨਾ ਦੇ ਅੰਕੜਿਆ ਦੀ ਤਾਂ ਸੋਮਵਾਰ ਸ਼ਾਮ ਤੱਕ ਜ਼ਿਲ੍ਹੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 400 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 205 ਮਰੀਜ਼ ਠੀਕ ਹੋਏ ਹਨ। ਜ਼ਿਲ੍ਹੇ ਵਿੱਚ ਹੁਣ ਕੋਰੋਨਾ ਦੇ 184 ਤੋਂ ਵੱਧ ਸਰਗਰਮ ਮਾਮਲੇ ਹਨ।