hero cycles trade china: ਲੁਧਿਆਣਾ ਦੀ ਮਸ਼ਹੂਰ ਕੰਪਨੀ ਹੀਰੋ ਸਾਈਕਲ ਕੰਪਨੀ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ 900 ਕਰੋੜ ਦੇ ਵਪਾਰਿਕ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਚਾਈਨਾ ਦਾ ਬਾਈਕਾਟ ਕਰਨ ਦੇ ਸਬੰਧੀ ਹੀਰੋ ਸਾਈਕਲ ਕੰਪਨੀ ਨੇ ਅਹਿਮ ਫੈਸਲਾ ਲੈਂਦੇ ਹੋਏ 3 ਮਹੀਨੇ ਪਿੰਡ ‘ਚ ਚਾਈਨਾ ਨਾਲ ਜੋ 900 ਕਰੋੜ ਦਾ ਵਪਾਰ ਕਰਨਾ ਸੀ, ਉਸ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੁਧਿਆਣਾ ‘ਚ ਸੈਂਕੜਿਆਂ ਦੀ ਤਾਦਾਦ ‘ਚ ਸਾਈਕਲਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਹਨ, ਜਿਨ੍ਹਾਂ ਦੀ ਮਦਦ ਲਈ ਹੁਣ ਹੀਰੋ ਸਾਈਕਲ ਕੰਪਨੀ ਅੱਗੇ ਆਈ ਹੈ ਅਤੇ ਛੋਟੀਆਂ ਕੰਪਨੀਆਂ ਨੂੰ ਹੀਰੋ ਸਾਈਕਲ ‘ਚ ਮਰਜ ਕਰਨ ਲਈ ਉਨ੍ਹਾਂ ਨੂੰ ਆਫਰ ਦੇ ਰਹੀ ਹੈ। ਕੰਪਨੀ ਵੱਲੋਂ ਲਏ ਗਏ ਇਸ ਫੈਸਲੇ ਤੋਂ ਜਿੱਥੇ ਐੱਮ.ਐੱਸ.ਐੱਮ.ਈ ਨੂੰ ਸਹਿਯੋਗ ਮਿਲੇਗਾ, ਉੱਥੇ ਭਾਰਤ ਆਤਮ ਨਿਰਭਰ ਬਣ ਜਾਵੇਗਾ।
ਇਸ ਸਬੰਧੀ ਹੀਰੋ ਸਾਈਕਲ ਦੇ ਐੱਮ.ਡੀ. ਅਤੇ ਡਾਇਰੈਕਟਰ ਪੰਕਜ ਮੁੰਜਾਲ ਨੇ ਦੱਸਿਆ ਹੈ ਕਿ ਚੀਨ ਦਾ ਬਾਈਕਾਟ ਕਰਨ ਲਈ ਹੀਰੋ ਸਾਈਕਲ ਨੇ ਇਹ ਅਹਿਮ ਫੈਸਲਾ ਲੈਂਦੇ ਹੋਏ ਉਨ੍ਹਾਂ ਨਾਲ ਵਪਾਰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿਸ਼ਵ ਦੇ ਹੋਰਨਾਂ ਦੇਸ਼ਾਂ ‘ਚ ਕੰਪਨੀ ਵੱਲੋਂ ਆਪਣਾ ਭਵਿੱਖ ਤਲਾਸ਼ਿਆ ਜਾ ਰਿਹਾ ਹੈ, ਜਿਸ ‘ਚ ਜਰਮਨੀ ਦੇਸ਼ ਅਹਿਮ ਹੈ। ਹੁਣ ਜਰਮਨੀ ‘ਚ ਹੀਰੋ ਸਾਈਕਲ ਆਪਣਾ ਪਲਾਂਟ ਲਾਏਗੀ, ਜਿੱਥੇ ਪੂਰੇ ਯੂਰਪ ‘ਚ ਹੀਰੋ ਦੇ ਸਾਈਕਲ ਸਪਲਾਈ ਕੀਤੇ ਜਾਣਗੇ।
ਪੰਕਜ ਨੇ ਇਹ ਵੀ ਦੱਸਿਆ ਹੈ ਕਿ ਲੁਧਿਆਣਾ ‘ਚ ਬਣਨ ਵਾਲੀ ਵੈਲੀ ਦੇ ਨਾਲ ਹੀਰੋ ਸਾਈਕਲ ਗਲੋਬਲ ਲੀਡਰ ਬਣ ਜਾਵੇਗਾ। ਚਾਈਨਾ ਦੇ ਸਾਮਾਨ ਦਾ ਬਾਈਕਾਟ ਆਸਾਨੀ ਨਾਲ ਕੀਤਾ ਜਾ ਸਕਦਾ ਹੈ,ਕਿਉਂਕਿ ਜੇਕਰ ਭਾਰਤ ‘ਚ ਕੰਪਿਊਟਰ ਬਣ ਸਕਦੇ ਹਨ ਤਾਂ ਸਾਈਕਲ ਕਿਉਂ ਨਹੀਂ ਬਣ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਭਾਰਤ ‘ਚ ਹਰ ਤਰ੍ਹਾਂ ਦੀ ਸਾਈਕਲ ਬਣਾਉਣੀ ਸੰਭਵ ਹੈ।