ਓਲੰਪਿਕ ਖੇਡਾਂ ‘ਚ ਇਤਿਹਾਸ ਰੱਚਣ ਵਾਲੀ ਭਾਰਤੀ ਹਾਕੀ ਟੀਮ ਵੱਲੋਂ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ ਅਤੇ ਅੱਜ ਭਾਰਤੀ ਹਾਕੀ ਟੀਮ ਦੇ ਖਿਲਾੜੀ ਵਤਨ ਵਾਪਸ ਪਰਤੇ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਫਰੀਦਕੋਟ ਤੋ ਭਾਰਤੀ ਹਾਕੀ ਟੀਮ ਦੇ ਖਿਡਾਰੀ ਰੁਪਿੰਦਰ ਪਾਲ ਸਿੰਘ ਦਾ ਵੀ ਅੱਜ ਉਸਦੇ ਘਰ ਪੋਹਨਚਣ ਤੇ ਸ਼ਹਿਰ ਵਾਸੀਆਂ ਵੱਲੋਂ ਅਤੇ ਉਸਦੇ ਪਰਿਵਾਰ ਵੱਲੋਂ ਢੋਲ ਧਮਾਕਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।ਰੁਪਿੰਦਰ ਦੇ ਘਰ ਪੁੱਜਣ ਤੇ ਉਨ੍ਹਾਂ ਦੇ ਕੋਚ ਹਰਬੰਸ ਸਿੰਘ ,ਪਿਤਾ ਹਰਿੰਦਰ ਪਾਲ ਸਿੰਘ ਅਤੇ ਉਸਦੇ ਮਾਤਾ ਵੱਲੋਂ ਗਲੇ ਮਿਲ ਕੇ ਸਵਾਗਤ ਕੀਤਾ ਅਤੇ ਇਸ ਮੌਕੇ ਰੁਪਿੰਦਰ ਦੇ ਮਾਤਾ ਭਾਵੁਕ ਹੁੰਦੇ ਨਜ਼ਰ ਆਏ।
ਇਸ ਮੌਕੇ ਗੱਲਬਾਤ ਕਰਦਿਆਂ ਰੁਪਿੰਦਰਪਾਲ ਦੇ ਭਰਾ ਅਮਰਬੀਰ ਸਿੰਘ, ਉਸਦੀ ਮਾਤਾ ਸੁਖਵਿੰਦਰ ਕੌਰ ਅਤੇ ਪਿਤਾ ਨੇ ਕਿਹਾ ਕਿ ਅੱਜ ਉਨਾਂ ਦਾ ਬੇਟਾ ਜਿੱਤ ਕੇ ਵਾਪਸ ਪਰਤਿਆ ਹੈ ਜਿਸ ਦੀ ਖੁਸ਼ੀ ਬਿਆਨ ਕਰਨ ਲਈ ਉਨ੍ਹਾਂ ਕੋਲ ਸ਼ਬਦ ਹੀ ਨਹੀਂ ਹਨ। ਸੱਭਿਆਚਾਰ ਤਰੀਕੇ ਨਾਲ ਸਵਾਗਤ ਕੀਤਾ ਹੈ ਅਤੇ ਆਉਣ ਵਾਲੇ ਸਮੇਂ ‘ਚ ਹੋਣ ਵਾਲੀ ਕਾਮਨਵੈਲਥ ਚ ਗੋਲ੍ਡ ਮੈਡਲ ਲਿਆਉਣਗੇ। ਇਸ ਮੌਕੇ ਰੁਪਿੰਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਉਹ ਉਲੰਪਿਕ ਖੇਡਾਂ ‘ਚ ਮੈਡਲ ਲੈਣ ਦੇ ਸੁਪਨੇ ਨਾਲ ਉਤਰੇ ਸਨ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕੇ ਅਸੀਂ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤ ਸਕੇ ਜਿਸ ਦੀ ਸਾਰੀ ਟੀਮ ਨੂੰ ਬਹੁਤ ਖੁਸ਼ੀ ਹੈ।
ਸੇਮੀਫ਼ਾਈਨਲ ‘ਚ ਹਾਰਨ ‘ਤੇ ਉਨ੍ਹਾਂ ਕਿਹਾ ਕੇ ਹਾਰ ਜਿੱਤ ਖੇਡ ਦਾ ਹਿੱਸਾ ਹਨ ਪਰ ਆਪਣੀ ਹਾਰ ਤੋਂ ਨਿਰਾਸ਼ ਨਾ ਹੋਕੇ ਇਸ ਤੋਂ ਉਭਰ ਕੇ ਅਗਲੇ ਮੁਕਾਬਲੇ ਲਈ ਤਿਆਰ ਹੋਣਾ ਖਿਡਾਰੀ ਲਈ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅਗਲਾ ਟੀਚਾ ਹੁਣ ਭਾਰਤ ਲਈ ਏਸ਼ੀਅਨ ਖੇਡਾਂ ਅਤੇ ਕਾਮਨਵੈਲਥ ਖੇਡਾਂ ਚ ਗੋਲ੍ਡ ਮੈਡਲ ਲੈਕੇ ਆਉਣਾ ਹੈ। ਆਪਣੇ ਵਿਆਹ ਸਬੰਧੀ ਪੁੱਛੇ ਸਵਾਲ ‘ਤੇ ਉਨ੍ਹਾਂ ਹੱਸਦੇ ਹੋਏ ਕਿਹਾ ਕਿ ਹੁਣ ਤੱਕ ਉਹ ਓਲੰਪਿਕ ਖੇਡਾਂ ਦਾ ਹਵਾਲਾ ਦੇਕੇ ਘਰਦਿਆਂ ਨੂੰ ਟਾਲਦਾ ਰਿਹਾ ਪਰ ਹੁਣ ਉਸ ਨੂੰ ਕੋਈ ਹੋਰ ਬਹਾਨਾ ਲੱਭਣਾ ਪਵੇਗਾ।