hospitals treatment corona patient died: ਲੁਧਿਆਣਾ ‘ਚ ਇਕ ਪਾਸੇ ਤਾਂ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਵੱਲੋਂ ਪ੍ਰਾਈਵੇਟ ਹਸਪਤਾਲ ਵਾਲਿਆਂ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਬੈੱਡ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਉਨ੍ਹਾਂ ਦੀਆਂ ਆਸਾਂ ‘ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ 4 ਪ੍ਰਾਈਵੇਟ ਹਸਪਤਾਲਾਂ ‘ਚ ਮਰੀਜ਼ ਨੂੰ ਸਹੀ ਇਲਾਜ ਨਾ ਮਿਲਣ ਕਾਰਨ ਉਸ ਨੇ ਸਿਵਲ ਹਸਪਤਾਲ ‘ਚ ਦਮ ਤੋੜ ਦਿੱਤਾ। ਮਰੀਜ਼ ਦੀ ਮੌਤ ਤੋਂ ਬਾਅਦ ਭੜਕੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ।
ਦਰਅਸਲ ਮ੍ਰਿਤਕ ਦੇ ਭਤੀਜੇ ਦੱਸਿਆ ਹੈ ਕਿ ਬੀਤੇ ਦਿਨ ਭਾਵ ਸੋਮਵਾਰ ਦੇਰ ਰਾਤ ਉਨ੍ਹਾਂ ਦੇ ਚਾਚੇ ਨੂੰ ਅਚਾਨਕ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਪਰਿਵਾਰ ਨੇ ਆਟੋ ਰਾਹੀਂ ਗਿੱਲ ਰੋਡ ਸਥਿਤ ਗਰੇਵਾਲ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਢੋਲੇਵਾਲਾ ਸਥਿਤ ਰਾਮਾ ਚੈਰੀਟੇਬਲ ਹਸਪਤਾਲ ਲੈ ਗਏ ਪਰ ਉਥੋ ਮੋਹਨਦੇਈ ਓਸਵਾਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਨਾ ਮਿਲਣ ਕਾਰਨ ਸੀ.ਐੱਮ.ਸੀ ਹਸਪਤਾਲ ਲਿਜਾਇਆ ਗਿਆ। ਸੀ.ਐੱਮ.ਸੀ ਹਸਪਤਾਲ ‘ਚ ਸਵੇਰਸਾਰ ਸਾਢੇ 3 ਵਜੇ ਤੱਕ ਹਸਪਤਾਲ ਸਟਾਫ ਨੇ ਇਲਾਜ ਕਰਨਾ ਦਾ ਦੂਰ ਦੀ ਗੱਲ ਮਰੀਜ਼ ਨੂੰ ਦੇਖਣ ਤੱਕ ਵੀ ਨਹੀਂ ਪਹੁੰਚੇ। ਇਸ ਤੋਂ ਬਾਅਦ ਮਰੀਜ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ 11 ਵਜੇ ਤੱਕ ਮਰੀਜ਼ ਨੂੰ ਕੋਈ ਇਲਾਜ ਨਹੀਂ ਮਿਲਿਆ।
ਇਸ ਤੋਂ ਬਾਅਦ ਮ੍ਰਿਤਕ ਦੇ ਪੁੱਤਰ ਨੇ ਯੂਥ ਐੱਨ.ਜੀ.ਓ ਦੇ ਸੰਚਾਲਕ ਕੁਮਾਰ ਗੌਰਵ ਨੂੰ ਫੋਨ ਕਰਕੇ ਹਸਪਤਾਲ ਬੁਲਾਇਆ ਅਤੇ ਇਸ ਮਾਮਲੇ ਨਾਲ ਜਾਣੂ ਕਰਵਾਇਆ ਫਿਰ ਮਰੀਜ਼ ਦੀ ਕੋਰੋਨਾ ਜਾਂਚ ਕੀਤੀ ਗਈ, ਜਿਸ ‘ਚ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ। ਸਿਵਲ ਹਸਪਤਾਲ ਨੇ ਮਰੀਜ਼ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ, ਜਦੋਂ ਪਰਿਵਾਰਿਕ ਮੈਂਬਰ ਪਟਿਆਲਾ ਲਈ ਮਰੀਜ਼ ਨੂੰ ਲਿਜਾਣ ਲੱਗੇ ਪਰ ਇਸ ਤੋਂ ਪਹਿਲਾਂ ਮਰੀਜ਼ ਨੇ ਸਿਵਲ ਹਸਪਤਾਲ ‘ਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਮਰੀਜ਼ ਦੀ ਕੋਰੋਨਾ ਰਿਪੋਰਟ ਮੰਗੀ ਤਾਂ ਹਸਪਤਾਲ ਸਟਾਫ ਵੱਲੋਂ ਦੁਰਵਿਹਾਰ ਕੀਤਾ ਗਿਆ।ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਦੀ ਐੱਸ.ਐੱਮ.ਓ ਡਾਕਟਰ ਅਮਰਜੀਤ ਕੌਰ ਨੇ ਮਰੀਜ਼ ਦੇ ਇਲਾਜ ਦੌਰਾਨ ਲਾਪਰਵਾਹੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਕੋਈ ਨਵਾਂ ਮਾਮਲਾ ਨਹੀਂ ਹੈ, ਇਸ ਤੋਂ 10 ਦਿਨ ਪਹਿਲਾਂ ਲੁਧਿਆਣਾ ‘ਚ 2 ਮਰੀਜ਼ਾਂ ਨੂੰ ਹਸਪਤਾਲ ‘ਚ ਭਰਤੀ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਮਿਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।