laboures died Paper mill: ਲੁਧਿਆਣਾ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਗੌਂਸਪੁਰ ਪਿੰਡ ‘ਚ ਸਥਿਤ ਪੇਪਰ ਮਿੱਲ ‘ਚ ਟੈਂਕ ਦੀ ਸਫਾਈ ਕਰਦੇ ਸਮੇਂ 2 ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਚੌਕੀ ਹੰਬੜਾ ਦੇ ਇੰਚਾਰਜ ਹਰਪਾਲ ਸਿੰਘ ਸਮੇਤ ਕਈ ਹੋਰ ਪੁਲਿਸ ਕਰਮਚਾਰੀ ਵੀ ਪਹੁੰਚੇ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ‘ਚ ਲੈ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਮ੍ਰਿਤਕਾਂ ਦੀ ਪਹਿਚਾਣ ਮੁਕੇਸ਼ ਕੁਮਾਰ (22) ਅਤੇ ਗੌਤਮ (21) ਦੇ ਰੂਪ ‘ਚ ਹੋਈ, ਜੋ ਕਿ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੇਪਰ ਮਿੱਲ ‘ਚ ਟੈਂਕ ਦੀ ਸਫਾਈ ਕਰਦੇ ਸਮੇਂ 2 ਨੌਜਵਾਨ ਟੈਂਕ ਦੇ ਅੰਦਰ ਉਤਰੇ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਬਾਹਰ ਹੀ ਖੜ੍ਹਿਆ ਸੀ। ਕਾਫੀ ਸਮਾਂ ਜਦੋਂ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਬਾਹਰਲੇ ਸਾਥੀ ਨੇ ਟੈਂਕ ਦੇ ਅੰਦਰ ਉਤਰ ਕੇ ਦੇਖਿਆਂ, ਜਿੱਥੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ 2 ਮਜ਼ਦੂਰ ਬੇਹੋਸ਼ ਪਏ ਸੀ। ਮੌਕੇ ‘ਤੇ ਦੋਵਾਂ ਮਜ਼ਦੂਰ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਦੱਸਿਆ।ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ਾਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਅਤੇ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।