ਪਿਛਲੇ 8 ਮਹੀਨਿਆਂ ਤੋਂ ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰ ਅਤੇ ਕਿਸਾਨਾਂ ਵਿਚਕਾਰ 11 ਦੌਰ ਦੀ ਗੱਲਬਾਤ ਹੋਣ ਤੋਂ ਬਾਅਦ ਕੋਈ ਸਹਿਮਤੀ ਨਹੀਂ ਬਣੀ ਹੈ।
ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣੇ ਦੇ ਵਿੱਚ ਕਿਸਾਨਾਂ ਵੱਲੋ ਟੋਲ ਪਲਾਜਿਆ ‘ਤੇ ਵੀ ਧਰਨੇ ਦਿੱਤੇ ਜਾਂ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ ਜ਼ਿਲ੍ਹਾ ਲੁਧਿਆਣਾ ‘ਚ ਪੈਦੇ ਪਿੰਡ ਕਿਲ੍ਹਾ ਰਾਏਪੁਰ,ਵਿਖੇ ਸਥਿਤ ਅਡਾਨੀ ਸਮੂਹ ਦੇ ਲੌਜਿਸਟਿਕ ਪਾਰਕ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜਿਸ ਕਾਰਨ ਪਾਰਕ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਜੀਐਮ ਜ਼ਿਲ੍ਹਾ ਉਦਯੋਗ ਕੇਂਦਰ ਰਾਕੇਸ਼ ਕਾਂਸਲ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਕ ਦੇ ਆਪਰੇਸ਼ਨ ਮੁਖੀ ਨਾਲ ਗੱਲ ਕੀਤੀ ਹੈ। ਲੱਗਭਗ 500 ਕਰਮਚਾਰੀਆਂ ਨੂੰ ਸਮਾਪਤੀ ਪੱਤਰ ਜਾਰੀ ਕੀਤੇ ਗਏ ਹਨ। ਫਿਲਹਾਲ ਉਹ ਇਹ ਦੱਸਣ ਦੀ ਸਥਿਤੀ ਵਿੱਚ ਨਹੀਂ ਹਨ ਕਿ ਇਸ ਪ੍ਰੋਜੈਕਟ ਦੇ ਬੰਦ ਹੋਣ ਨਾਲ ਪੰਜਾਬ ਸਰਕਾਰ ਨੂੰ ਕਿੰਨਾ ਨੁਕਸਾਨ ਹੋਵੇਗਾ।
ਜ਼ਿਕਰਯੋਗ ਹੈ ਕਿ 2017 ਵਿੱਚ, ਅਡਾਨੀ ਸਮੂਹ ਨੇ ਕਿਲ੍ਹਾ ਰਾਏਪੁਰ, ਲੁਧਿਆਣਾ ਵਿਖੇ 80 ਏਕੜ ਵਿੱਚ ਇੱਕ ਲੌਜਿਸਟਿਕ ਪਾਰਕ ਸਥਾਪਤ ਕੀਤਾ ਸੀ। ਇਸ ਪਾਰਕ ਦਾ ਉਦੇਸ਼ ਪੰਜਾਬ ਵਿੱਚ ਸਥਿਤ ਉਦਯੋਗਾਂ ਨੂੰ ਦਰਾਮਦ ਅਤੇ ਨਿਰਯਾਤ ਲਈ ਰੇਲ ਅਤੇ ਸੜਕ ਦੁਆਰਾ ਕਾਰਗੋ ਉਪਲਬਧ ਕਰਵਾਉਣਾ ਸੀ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ, ਕਿਸਾਨ ਯੂਨੀਅਨ ਨੇ ਜਨਵਰੀ 2021 ਤੋਂ ਟਰੈਕਟਰ ਟਰਾਲੀ ਲਗਾ ਕੇ ਲੌਜਿਸਟਿਕ ਪਾਰਕ ਦੇ ਬਾਹਰ ਸੜਕ ਨੂੰ ਜਾਮ ਕਰ ਦਿੱਤਾ ਸੀ। ਇਸ ਕਾਰਨ ਸਾਰਾ ਕੰਮ ਠੱਪ ਹੋ ਗਿਆ। ਕੰਪਨੀ ਦੀ ਤਰਫੋਂ ਪੰਜਾਬ ਸਰਕਾਰ ਨੂੰ ਕਈ ਵਾਰ ਧਰਨਾ ਚੁੱਕਣ ਲਈ ਕਿਹਾ ਗਿਆ। ਜਦੋਂ ਕੋਈ ਰਾਹਤ ਨਾ ਮਿਲੀ ਤਾਂ ਕੰਪਨੀ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਅਦਾਲਤ ਨੇ ਰਾਜ ਸਰਕਾਰ ਨੂੰ ਮਾਮਲੇ ਦਾ ਹੱਲ ਲੱਭਣ ਦੇ ਆਦੇਸ਼ ਵੀ ਦਿੱਤੇ ਸਨ।
ਇਹ ਵੀ ਪੜ੍ਹੋ : School Reopen : ਫਿਰ ਪਰਤੀਆਂ ਸਕੂਲਾਂ ‘ਚ ਰੌਣਕਾਂ, ਕੋਵਿਡ ਪ੍ਰੋਟੋਕੋਲ ਦੇ ਨਾਲ ਪੰਜਾਬ ਸਣੇ ਕਈ ਸੂਬਿਆਂ ‘ਚ ਫਿਰ ਖੁੱਲ੍ਹੇ ਸਕੂਲ
ਡੀਸੀ ਲੁਧਿਆਣਾ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕਈ ਵਾਰ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਮਿਲਣ ਗਏ। 20 ਜੁਲਾਈ 2021 ਨੂੰ, ਅਦਾਲਤ ਨੇ ਰਾਜ ਸਰਕਾਰ ਦੇ ਵਕੀਲ ਨੂੰ ਸਮੱਸਿਆ ਦਾ ਵਰਣਨ ਕਰਨ ਲਈ ਕਿਹਾ ਸੀ। ਅਗਲੀ ਸੁਣਵਾਈ 31 ਜੁਲਾਈ ਨੂੰ ਹੋਣੀ ਸੀ। ਕੋਈ ਹੱਲ ਨਾ ਨਿਕਲਦਾ ਦੇਖ ਕੇ ਆਖਰਕਾਰ ਕੰਪਨੀ ਨੇ ਪਾਰਕ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿਸਾਨ ਲਗਾਤਾਰ ਨਵੇਂ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਪੱਕਾ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਨਾਲ ਹੋਈ ਗੱਲਬਾਤ ਵਿੱਚ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ।
ਇਹ ਵੀ ਪੜ੍ਹੋ : ‘‘Shoot ਦਾ ਆਡਰ ਹੋ ਗਿਆ ਨੀ… ਗਾਣਾ ਗਾਉਣ ਵਾਲੇ Jagpal Sandhu ਨੇ ਦੱਸਿਆ ਇਸ ਗਾਣੇ ਪਿਛਲਾ ਸੱਚ!