ludhiana corona govt officials:ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਹੁਣ ਇੱਥੇ ਸਰਕਾਰੀ ਅਧਿਕਾਰੀ ਵੀ ਇਸ ਵਾਇਰਸ ਦੀ ਚਪੇਟ ‘ਚ ਆਉਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਹੁਣ ਇੱਥੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਲੁਧਿਆਣਾ ਦੇ ਏ.ਡੀ.ਸੀ ਜਨਰਲ ਅਮਰਜੀਤ ਸਿੰਘ ਬੈਂਸ ਵੀ ਇਸ ਵਾਇਰਸ ਦੀ ਚਪੇਟ ‘ਚ ਆ ਗਏ ਹਨ। ਦੱਸ ਦੇਈਏ ਕਿ ਅੱਜ ਭਾਵ ਮੰਗਲਵਾਰ ਨੂੰ ਏ.ਡੀ.ਸੀ ਜਨਰਲ ਅਮਰਜੀਤ ਸਿੰਘ ਬੈਂਸ ਕੋਰੋਨਾ ਪਾਜ਼ੀਟਿਵ ਮਿਲੇ ਹਨ, ਜਿਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਏ.ਡੀ.ਸੀ ਬੈਂਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਟਰੂਨੈਟ ਮਸ਼ੀਨ ‘ਤੇ ਪਾਈ ਗਈ ਹੈ, ਜਿਸ ਨੂੰ ਦੁਬਾਰਾ ਜਾਂਚ ਲਈ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ , ਜਿਲਾ ਐਪੀਡੈਮਿਓਲਾਜਿਸਟ ਡਾ. ਰਾਮੇਸ਼ ਭਗਤ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਸਮੇਤ ਕਈ ਹੋਰ ਅਧਿਕਾਰੀਆਂ ਨੇ ਸਾਵਧਾਨੀ ਵਜੋਂ ਖੁਦ ਨੂੰ ਆਈਸੋਲੇਟ ਕਰ ਲਿਆ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵਰ੍ਹ ਰਿਹਾ ਹੈ। ਇਸ ਦੌਰਾਨ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1105 ਤੱਕ ਪਹੁੰਚੀ ਹੈ ਜਦਕਿ 27 ਮੌਤਾਂ ਹੋ ਚੁੱਕੀਆਂ ਹਨ।