ludhiana coronavirus people death: ਲੁਧਿਆਣਾ ‘ਚ ਦਿਨ-ਬ-ਦਿਨ ਵੱਧ ਰਿਹਾ ਖਤਰਨਾਕ ਕੋਰੋਨਾਵਾਇਰਸ ਨੇ ਆਮ ਜਨਤਾ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀ ਚਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਸਿਹਤ ਵਿਭਾਗ ਦੀ ਚਿੰਤਾ ਹੋਰ ਵੱਧ ਗਈ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਵੀਰਵਾਰ ਨੂੰ ਕੋਰੋਨਾ ਦੇ 55 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚ ਐੱਸ.ਡੀ.ਐੱਮ ਵੀ ਸ਼ਾਮਲ ਹੈ, ਜਦਕਿ 2 ਮਰੀਜ਼ਾਂ ਦੀ ਮੌਤ ਵੀ ਹੋਈ ਹੈ।
ਦੱਸ ਦੇਈਏ ਕਿ ਵੀਰਵਾਰ ਨੂੰ ਐੱਸ.ਡੀ.ਐੱਮ ਪਾਇਲ ਮਨ ਕਮਲ ਸਿੰਘ ਚਾਹਲ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ, ਜਿਨ੍ਹਾਂ ਦਾ ਬੁੱਧਵਾਰ ਨੂੰ ਜਾਂਚ ਲਈ ਸੈਂਪਲ ਲਿਆ ਗਿਆ ਸੀ। ਇਸ ਦੇ ਨਾਲ ਵੀਰਵਾਰ ਨੂੰ ਸਾਹਮਣੇ ਆਏ 55 ਕੇਸਾਂ ‘ਚੋਂ 52 ਲੁਧਿਆਣਾ ਦੇ ਅਤੇ 3 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਜ਼ਿਲ੍ਹੇ ‘ਚ ਵੀਰਵਾਰ ਨੂੰ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ‘ਚ ਇਕ 75 ਸਾਲਾ ਬਜ਼ੁਰਗ ਪ੍ਰਤਾਪ ਚੌਕ ਦਾ ਰਹਿਣ ਵਾਲਾ ਸੀ, ਜੋ ਕਿ ਸੀ.ਐੱਮ.ਸੀ. ਹਸਪਤਾਲ ‘ਚ ਦਾਖਲ ਸੀ। ਦੂਜਾ ਮ੍ਰਿਤਕ 59 ਸਾਲਾਂ ਸੰਗਰੂਰ ਦਾ ਰਹਿਣ ਵਾਲਾ ਸੀ। ਲੁਧਿਆਣਾ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਅੰਕੜਾ 1248 ਤੱਕ ਪਹੁੰਚ ਚੁੱਕਿਆ ਹੈ ਜਦਕਿ 29 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀ ਲੁਧਿਆਣਾ ਦੇ ਏ.ਡੀ.ਸੀ ਅਮਰਜੀਤ ਸਿੰਘ ਬੈਂਸ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ। ਸਿਹਤ ਵਿਭਾਗ ਨੇ ਏ.ਡੀ.ਸੀ ਜਨਰਲ ਅਤੇ ਏ.ਡੀ.ਸੀ ਜਗਰਾਓ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਡੀ.ਸੀ. ਦਫਤਰ ਅਤੇ ਮਿਨੀ ਸਕੱਤਰੇਤ ‘ਚ ਸਥਿਤ ਵੱਖ-ਵੱਖ ਵਿਭਾਗਾਂ ‘ਚ ਕੰਮ ਕਰਨ ਵਾਲੇ 59 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੈਂਪਲ ਲਏ ਗਏ ਸੀ, ਜਿਨ੍ਹਾਂ 58 ਦੀ ਰਿਪੋਰਟ ਨੈਗੇਟਿਵ ਆਈ, ਜਦਕਿ ਏ.ਡੀ.ਸੀ ਬੈਂਸ ਦੇ ਡਰਾਈਵਰ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ।