ludhiana Fight cutting of trees: ਲੁਧਿਆਣਾ ਦੇ ਪਾਸ਼ ਇਲਾਕੇ ਰਾਜਗੁਰੂ ਨਗਰ ਚ ਉਸ ਵੇਲੇ ਵਿਵਾਦ ਹੋ ਗਿਆ, ਜਦੋਂ ਇੱਕ ਕੋਠੀ ਦੇ ਮਾਲਿਕ ਨੇ ਗਲੀ ‘ਚ ਖੜ੍ਹੇ ਦਰੱਖਤਾਂ ਨੂੰ ਕਟਵਾ ਦਿੱਤਾ। ਇਸ ਦੌਰਾਨ ਹਾਈ ਵੋਲਟੇਜ ਤਾਰਾਂ ਵੀ ਹੇਠਾਂ ਡਿੱਗ ਗਈਆਂ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪਰ ਬਿਜਲੀ ਬੰਦ ਹੋ ਗਈ, ਜਿਸ ਕਾਰਨ ਲੋਕ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਕਾਫੀ ਵਿਰੋਧ ਕੀਤਾ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਦਰਖੱਤ ਕਟਵਾਉਣ ਵਾਲਿਆਂ ਉਨ੍ਹਾਂ ਦੇ ਮੋਬਾਇਲ ਖੋਹ ਲਿਆ ਅਤੇ ਹੱਥੋਪਾਈ ਕੀਤੀ।ਕਾਲੋਨੀ ਵਾਸੀਆਂ ਨੇ ਕਿਹਾ ਕਿ ਸਰਕਾਰੀ ਪ੍ਰਾਪਰਟੀ ਚ ਖੜੇ ਇਨ੍ਹਾਂ ਦਰੱਖਤਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕਟਵਾਇਆ ਗਿਆ ਅਤੇ ਇਸ ਸਬੰਧੀ ਕਾਰਵਾਈ ਹੋਣੀ ਚਾਹੀਦੀ ਹੈ।ਮੌਕੇ ‘ਤੇ ਪਹੁੰਚੇ ਥਾਣਾ ਸਰਾਭਾ ਨਗਰ ਦੇ ਏ.ਐੱਸ.ਆਈ ਨੇ ਦੱਸਿਆ ਕਿ ਰਾਜਗੁਰੂ ਨਗਰ ਪਿੰਕ ਫਲੈਟਾਂ ‘ਚ ਦਰੱਖਤ ਵੱਢਣ ਨੂੰ ਲੈ ਕੇ ਵਿਵਾਦ ਹੋਇਆ ਹੈ ਉਹ ਮੌਕੇ ਤੇ ਪਹੁੰਚੇ ਨੇ ਅਤੇ ਜਿਸ ਕਿਸੇ ਦੀ ਵੀ ਗਲਤੀ ਹੋਵੇਗੀ ਕਾਨੂੰਨ ਮੁਤਾਬਕ ਉਸ ਤੇ ਕਾਰਵਾਈ ਹੋਵੇਗੀ।
ਕਾਲੋਨੀ ਦੇ ਪ੍ਰਧਾਨ ਅਤੇ ਸੈਕਟਰੀ ਮਧੂਸੂਦਨ ਜੁਲਕਾ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਇਲਾਕਿਆਂ ‘ਚ ਦਰੱਖਤ ਲਵਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਗੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਦੀ ਗਲੀ ‘ਚ ਖੜ੍ਹੇ ਦਰੱਖਤਾਂ ਨੂੰ ਕਟਵਾ ਦਿੱਤਾ ਗਿਆ ਅਤੇ ਇਨ੍ਹਾਂ ਨੂੰ ਵੇਚਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗੈਰ ਕਾਨੂੰਨੀ ਢੰਗ ਨਾਲ ਕਟਵਾਏ ਗਏ ਨੇ ਅਤੇ ਚੁੱਪ ਚੁਪੀਤੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਜਦੋਂ ਕਿ ਇਹ ਪਬਲਿਕ ਪ੍ਰਾਪਰਟੀ ਹੈ। ਇਹ ਨਹੀਂ ਨਹੀਂ ਦਰੱਖਤ ਕੱਟਣ ਕਰਕੇ ਇਲਾਕੇ ਵਿੱਚ ਹਾਈ ਵੋਲਟੇਜ ਤਾਰਾਂ ਵੀ ਹੇਠਾਂ ਡਿੱਗ ਗਈਆਂ, ਜਿਸ ਨਾਲ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਦਰੱਖ਼ਤ ਕਟਵਾਉਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਦਰੱਖਤ ਕਟਵਾਉਣ ਵਾਲੇ ਮਿਸਟਰ ਮਨਚੰਦਾ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।