Ludhiana micro containment zone: ਲੁਧਿਆਣਾ ‘ਚ ਲਗਾਤਾਰ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ 7 ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾ ਦਿੱਤੇ ਗਏ ਹਨ। ਇਨ੍ਹਾਂ ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ‘ਚ ਝਮਟ ਸਥਿਤ ਕੋਰਟਨ ਫੂਡਸ ਫਲੈਟ, ਟੈਗੋਰ ਨਗਰ, ਮਾਇਆ ਨਗਰ, ਦੌਲਤ ਕਾਲੋਨੀ, ਨਿਊ ਅਮਰ ਨਗਰ, ਮੋਦੀ ਇੰਕਲੇਵ, ਰਾਜਗੁਰੂ ਨਗਰ ਅਤੇ ਨਿਊ ਕਿਦਵਈ ਨਗਰ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਜਿਸ ਤੇਜ਼ ਰਫਤਾਰ ਨਾਲ ਕੋਰੋਨਾਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ, ਉਸ ‘ਤੇ ਲਗਾਮ ਲਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਟੈਸਟਿੰਗ ਜਰੂਰੀ ਹੈ। ਐਕਸਪਰਟ ਕੋਰੋਨਾ ਰੋਕਥਾਮ ਲਈ ਸੈਂਪਲਾਂ ਦੀ ਸਮਰੱਥਾ ਵਧਾਉਣ ਦੀ ਗੱਲ ਕਰ ਰਹੇ ਹਨ। ਸਿਹਤ ਵਿਭਾਗ ਵੱਲੋਂ ਪਹਿਲੀ ਵਾਰ ਵੀਰਵਾਰ ਨੂੰ ਇਕ ਦਿਨ ਦੌਰਾਨ 2567 ਸੈਂਪਲ ਜਾਂਚ ਲਈ ਭੇਜੇ ਗਏ। ਇਸ ‘ਚ 2267 ਸੈਂਪਲ ਆਰ.ਟੀ.ਪੀ.ਸੀ.ਆਰ , 299 ਰੈਪਿਡ ਐਟੀਜਨ ਕਿਟ ਅਤੇ ਰੁਨੇਟ ਤੋਂ 21 ਸੈਂਪਲ ਜਾਂਚ ਦੇ ਲਈ ਇਕੱਠੇ ਕੀਤੇ ਗਏ। ਇਸ ਤੋਂ ਪਹਿਲਾਂ ਤੱਕ 1000 ਤੋਂ 1100 ਵਿਚਾਲੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਸੀ।
ਸਿਹਤ ਵਿਭਾਗ ਵੱਲੋਂ ਹੁਣ ਤੱਕ ਮਹਾਨਗਰ ‘ਚ 77409 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ 75162 ਸੈਂਪਲਾਂ ਦੀ ਰਿਪੋਰਟ ਵਿਭਾਗ ਨੂੰ ਮਿਲ ਚੁੱਕੀ ਹੈ ਜਿਨ੍ਹਾਂ ‘ਚੋਂ 68550 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਸਾਹਮਣੇ ਆਈ ਹੈ। ਮੌਜੂਦਾ ਸਮੇਂ ਦੌਰਾਨ 5282 ਲੋਕ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਹਨ।
ਦੱਸ ਦੇਈਏ ਕਿ ਮਹਾਨਗਰ ‘ਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 5948 ਤੱਕ ਪਹੁੰਚ ਚੁੱਕੀ ਹੈ ਜਦਕਿ 207 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ ਤੱਕ 1710 ਸਰਗਰਮ ਮਾਮਲੇ ਹਨ। ਬੀਤੇ ਦਿਨ ਭਾਵ ਵੀਰਵਾਰ ਨੂੰ ਜ਼ਿਲ੍ਹੇ ‘ਚ ਪਹਿਲੀ ਵਾਰ 13 ਕੋਰੋਨਾ ਮਰੀਜ਼ਾਂ ਨੇ ਦਮ ਤੋੜਿਆ ਹੈ, ਜਦਕਿ 186 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ।