ludhiana micro containment zones: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਨੇ ਹਾਲਤ ਬੇਕਾਬੂ ਕਰ ਦਿੱਤੇ ਹਨ, ਜਿਸ ਕਾਰਨ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਇਸ ਖਤਰੇ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਉੱਚਿਤ ਕਦਮ ਚੁੱਕਦੇ ਹੋਏ 4 ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਮੁੰਡੀਆ ਕਲਾਂ, ਮਾਡਲ ਟਾਊਨ ਐਕਸਟੇਂਸ਼ਨ, ਉਤਮ ਨਗਰ ਵਰਧਮਾਨ ਕਾਲੋਨੀ ਨਜ਼ਦੀਕ ਫੋਰਟਿਸ ਹਸਪਤਾਲ ਅਤੇ ਗੁਰਦਿਆਲ ਇਨਕਲੇਵ ਜਮਾਲਪੁਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਇਲਾਕਿਆਂ ‘ਚ 5 ਤੋਂ ਜ਼ਿਆਦਾ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਏ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਮੰਗਲਵਾਰ ਨੂੰ ਮਹਾਨਗਰ ‘ਚੋਂ 161 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 146 ਜ਼ਿਲ੍ਹੇ ਦੇ ਅਤੇ ਬਾਕੀ 15 ਮਾਮਲੇ ਦੂਜੇ ਜ਼ਿਲ੍ਹਿਆਂ ਤੋਂ ਹਨ ਜਦਕਿ 7 ਲੋਕਾਂ ਨੇ ਦਮ ਤੋੜਿਆ ਸੀ। ਮਹਾਨਗਰ ‘ਚ ਹੁਣ ਤੱਕ 2833 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਜਦਕਿ 71 ਮੌਤਾਂ ਹੋ ਚੁੱਕੀਆਂ ਹਨ। ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਹੁਣ ਤੱਕ ਕੁੱਲ 59370 ਸੈਂਪਲ ਲਏ ਗਏ ਹਨ, ਜਿਨ੍ਹਾਂ ‘ਚੋਂ 58690 ਸੈਂਪਲਾਂ ਦੀ ਰਿਪੋਰਟ ਮਿਲੀ ਹੈ। ਇਨ੍ਹਾਂ ‘ਚੋਂ 55447 ਸੈਂਪਲ ਨੈਗੇਟਿਵ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ 680 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ। ਜ਼ਿਲ੍ਹੇ ‘ਚੋਂ 981 ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ 410 ਮਾਮਲੇ ਦੂਜਿਆ ਜ਼ਿਲ੍ਹਿਆਂ ਤੋਂ ਹਨ, ਜਿਨ੍ਹਾਂ ‘ਚੋਂ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।