ludhiana parents protest: ਖਤਰਨਾਕ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ‘ਚ ਲਾਕਡਾਊਨ ਦੇ ਚੱਲਦਿਆਂ ਨਿੱਜੀ ਸਕੂਲਾਂ ਵੱਲੋਂ ਵਸੂਲੀ ਜਾ ਰਹੀ ਫੀਸ ਦਾ ਮਾਮਲਾ ਦਿਨੋ-ਦਿਨ ਗਰਮਾਉਂਦਾ ਹੀ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਫਿਰ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਊਥ ਸਿਟੀ ਸਥਿਤ ਜੀਸੈਸ ਸੈਕ੍ਰਟ ਹਾਰਟ ਸਕੂਲ ਦੇ ਖਿਲਾਫ ਮਾਪਿਆਂ ਨੇ ਧਰਨਾ ਲਾਇਆ। ਦੱਸ ਦੇਈਏ ਕਿ ਤੇਜ਼ ਬਾਰਿਸ਼ ‘ਚ ਮਾਪੇ ਧਰਨੇ ‘ਤੇ ਡਟੇ ਰਹੇ ਅਤੇ ਖੂਬ ਨਾਅਰੇਬਾਜ਼ੀ ਕੀਤੀ।
ਧਰਨੇ ‘ਤੇ ਬੈਠੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਨੇ ਬੀਤੇ ਦਿਨ ਮੰਗਲਵਾਰ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਨੋਟਿਸ ਭੇਜਿਆ ਹੈ, ਜਿਸ ‘ਚ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਕ 10 ਜੁਲਾਈ ਹੈ।ਇਸ ਦੇ ਨਾਲ ਹੀ ਸਕੂਲ ਨੇ ਨੋਟਿਸ ‘ਚ ਇਹ ਵੀ ਕਿਹਾ ਹੈ ਕਿ ਹਾਈ ਕੋਰਟ ‘ਚ ਫੀਸ ਸਬੰਧੀ ਫੈਸਲਾ ਆਉਣ ਤੋਂ ਬਾਅਦ ਹੀ ਮਾਪਿਆਂ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਕੂਲ ਖਿਲਾਫ ਧਰਨੇ ‘ਤੇ ਬੈਠੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਇਸ ਸਮੇਂ ਘਰਾਂ ‘ਚ ਹਨ ਤਾਂ ਸਕੂਲ ਨੂੰ ਸਲਾਨਾ ਅਤੇ ਟਰਾਂਸਪੋਰਟੇਸ਼ਨ ਚਾਰਜਿਸ ਕਿਸ ਗੱਲ ਦੇ ਦਿੱਤੇ ਜਾਣ। ਮਾਪਿਆਂ ਨੇ ਆਨਲਾਈਨ ਪੜ੍ਹਾਈ ਨੂੰ ਡੀਲ ਕਰਨ ਵਾਲੇ ਸਕੂਲ ਦੇ ਇਕ ਅਧਿਕਾਰੀ ਨਾਲ ਮਿਲੇ ਅਤੇ ਲਿਖਤੀ ‘ਚ ਆਪਣੀ ਸ਼ਿਕਾਇਤ ਦੇ ਆਏ।