Ludhiana youth suicide: ਗਲੋਬਲੀ ਮਹਾਮਾਰੀ ਕੋਰੋਨਾਵਾਇਰਸ ਕਾਰਨ ਜਿੱਥੇ ਅਰਥ ਵਿਵਸਥਾ ਡਾਵਾਂਡੋਲ ਹੋਈ ਹੈ, ਉੱਥੇ ਹੀ ਲੋਕਾਂ ਨੂੰ ਆਰਥਿਕ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਆਰਥਿਕ ਤੰਗੀ ਤੋਂ ਪਰੇਸ਼ਾਨ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਾਰੋਬਾਰ ਠੱਪ ਹੋਣ ਕਾਰਨ ਇਕ ਨੌਜਵਾਨ ਨੇ ਫਾਹ ਲੈ ਕੇ ਆਪਣੀ ਜਾਨ ਦੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਦੀ ਧਾਂਧਰਾ ਰੋਡ ਦੀ ਸਰਪੰਚ ਕਾਲੋਨੀ ਦੇ ਰਹਿਣ ਵਾਲੇ 36 ਸਾਲਾ ਰਵਿੰਦਰ ਸਿੰਘ ਨੇ ਐਤਵਾਰ ਦੇਰ ਰਾਤ ਫਾਹ ਲੈ ਲਿਆ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਸੋਮਵਾਰ ਸਵੇਰੇ ਮ੍ਰਿਤਕ ਨੂੰ ਉਸ ਦੇ ਭਰਾ ਨੇ ਫੋਨ ਕੀਤਾ ਪਰ ਫੋਨ ਨਾ ਚੁੱਕਣ ‘ਤੇ ਮ੍ਰਿਤਕ ਦਾ ਭਰਾ ਘਰ ਪਹੁੰਚਿਆ, ਜਿੱਥੋ ਕਮਰੇ ਵਿੱਚ ਰਵਿੰਦਰ ਦੀ ਲਾਸ਼ ਲਟਕਦੀ ਹੋਈ ਮਿਲੀ। ਜਾਣਕਾਰੀ ਮਿਲਦਿਆ ਹੀ ਮੌਕੇ ‘ਤੇ ਥਾਣਾ ਸਦਰ ਦੀ ਚੌਕੀ ਬਸੰਤ ਐਵੇਨਿਊ ਪੁਲਸ ਪਹੁੰਚੀ ਅਤੇ ਜਾਂਚ ਤੋਂ ਬਾਅਦ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ।
ਮੌਕੇ ‘ਤੇ ਪਹੁੰਚੇ ਚੌਕੀ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਰਵਿੰਦਰ ਸਿੰਘ ਵਾਟਰ ਪਿਊਰੀਫਾਇਰ ਦਾ ਕੰਮ ਕਰਦਾ ਸੀ ਅਤੇ ਆਪਣੀ ਪਤਨੀ ਸਮੇਤ ਬੇਟੀ ਨਾਲ ਬਾਕੀ ਪਰਿਵਾਰਿਕ ਮੈਂਬਰਾਂ ਨਾਲੋਂ ਥੋੜ੍ਹੀ ਦੂਰ ‘ਤੇ ਵੱਖਰਾ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਰਵਿੰਦਰ ਨੇ ਫਾਹਾ ਲਿਆ ਤਾਂ ਉਸ ਸਮੇਂ ਉਹ ਘਰ ਵਿੱਚ ਇਕੱਲਾ ਹੀ ਸੀ ਅਤੇ ਉਸ ਦੀ ਪਤਨੀ ਆਪਣੀ ਬੇਟੀ ਨੂੰ ਨਾਲ ਲੈ ਕੇ ਪੇਕੇ ਘਰ ਗਈ ਹੋਈ ਸੀ। ਪਰਿਵਾਰਿਕ ਮੈਂਬਰਾਂ ਮੁਤਾਬਕ ਲਾਕਡਾਊਨ ਕਾਰਨ ਮ੍ਰਿਤਕ ਰਵਿੰਦਰ ਦਾ ਕੰਮ-ਧੰਦਾ ਠੱਪ ਹੋ ਗਿਆ ਸੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ ਫਿਲਹਾਲ ਪੁਲਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।