Major action against khanna sho: ਖੰਨਾ : ਸਦਰ ਥਾਣਾ ਖੰਨਾ ਤੋਂ ਅਪ੍ਰੈਲ ਮਹੀਨੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ। ਇਸ ਘਟਨਾ ਦਾ ਸੰਬੰਧ ਸਦਰ ਥਾਣਾ ਖੰਨਾ ਦੇ ਸਾਬਕਾ ਐੱਸ. ਐੱਚ. ਓ. ਬਲਜਿੰਦਰ ਸਿੰਘ ਨਾਲ ਸੀ, ਹੁਣ ਇਸ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧ ਵਿੱਚ ਕਾਰਵਾਈ ਕਰਦਿਆਂ ਸਦਰ ਥਾਣਾ ਖੰਨਾ ਦੇ ਸਾਬਕਾ ਐੱਸ. ਐੱਚ. ਓ. ਬਲਜਿੰਦਰ ਸਿੰਘ ਅਤੇ ਹੌਲਦਾਰ ਵਰੁਣ ਕੁਮਾਰਨ ਖ਼ਿਲਾਫ਼ ਖੰਨਾ ਦੇ ਸਿਟੀ-1 ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪਿਤਾ-ਪੁੱਤਰ ਸਮੇਤ 3 ਲੋਕਾਂ ਨੂੰ ਨੰਗਾ ਕਰ ਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ ’ਚ ਜਾਂਚ ਕਰ ਰਹੀ ਏ. ਡੀ. ਜੀ. ਪੀ. ਡਾ. ਨਰੇਸ਼ ਅਰੋੜਾ ਦੀ ਅਗਵਾਈ ਵਾਲੀ ਐੱਸ. ਆਈ. ਟੀ. ਨੇ ਦਰਜ ਕੀਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਜਾਂਚ ਐੱਸ. ਆਈ. ਟੀ. ਦੇ ਮੈਂਬਰ ਆਈ. ਜੀ. ਲੁਧਿਆਣਾ ਨੌਨਿਹਾਲ ਸਿੰਘ ਕਰਨਗੇ। ਦੱਸਿਆ ਜਾ ਰਿਹਾ ਹੈ ਕੇ ਇਹ ਮਾਮਲਾ ਸ਼ਨੀਵਾਰ ਦੀ ਰਾਤ ਨੂੰ ਦਰਜ ਕੀਤਾ ਗਿਆ ਹੈ।
ਐੱਸ. ਐੱਸ. ਪੀ. ਖੰਨਾ ਹਰਪ੍ਰੀਤ ਸਿੰਘ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਐੱਸ. ਆਈ. ਟੀ. ਦੇ ਮੈਂਬਰ ਆਈ. ਜੀ. ਲੁਧਿਆਣਾ ਨੌਨਿਹਾਲ ਸਿੰਘ ਮਾਮਲੇ ਦੇ ਜਾਂਚ ਅਧਿਕਾਰੀ ਬਣਾਏ ਗਏ ਹਨ। ਘਟਨਾ ਨੂੰ 3 ਮਹੀਨੇ ਬੀਤ ਜਾਣ ਤੋਂ ਬਾਅਦ ਅਤੇ ਪੀੜਤਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਇਹ ਮਾਮਲਾ ਦਰਜ਼ ਹੋਇਆ ਹੈ। ਜ਼ਿਕਰਯੋਗ ਹੈ ਕਿ ਖੰਨਾ ਦੇ ਐਸ. ਐਚ. ਓ. ਬਲਜਿੰਦਰ ਸਿੰਘ ‘ਤੇ ਪਿਤਾ, ਪੁੱਤਰ ਸਮੇਤ ਇੱਕ ਹੋਰ ਵਿਅਕਤੀ ਨੂੰ ਥਾਣੇ ‘ਚ ਨੰਗਾ ਕਰਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰਨ ਦੇ ਇਲਜ਼ਾਮ ਲੱਗੇ ਸਨ, ਜਿਸ ਦੀ ਸ਼ਿਕਾਇਤ ਪੀੜਤਾਂ ਵੱਲੋਂ ਪੰਜਾਬ ਦੇ ਡੀ. ਜੀ. ਪੀ. ਨੂੰ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਹੁਣ ਬਲਜਿੰਦਰ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।