MLA family infected coronavirus: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਆਮ ਜਨਤਾ ਦੇ ਨਾਲ ਰਾਜਨੀਤਿਕ ਨੇਤਾਵਾਂ ‘ਤੇ ਕਹਿਰ ਬਣ ਕੇ ਵਰ੍ਹ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਇੱਥੇ ਐੱਮ.ਐੱਲ.ਏ ਸੰਜੈ ਤਲਵਾੜ ਪਰਿਵਾਰ ਸਮੇਤ ਕੋਰੋਨਾ ਵਾਇਰਸ ਦੀ ਚਪੇਟ ‘ਚ ਆ ਗਏ ਹਨ। ਦੱਸ ਦੇਈਏ ਕਿ ਐੱਮ.ਐੱਲ.ਏ ਸੰਜੈ ਤਲਵਾੜ ਅਤੇ ਉਨ੍ਹਾਂ ਦੀ ਪਤਨੀ, ਦੋਵਾਂ ਬੇਟਿਆਂ ਸਮੇਤ ਭਰਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਕੋਰੋਨਾ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਬੀਤੇ ਦਿਨ ਭਾਵ ਵੀਰਵਾਰ ਨੂੰ ਜ਼ਿਲ੍ਹੇ ‘ਚੋਂ 226 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ‘ਚ 209 ਲੁਧਿਆਣਾ ਦੇ ਅਤੇ ਬਾਕੀ 17 ਹੋਰ ਜ਼ਿਲ੍ਹਿਆਂ ਤੋਂ ਹਨ। ਇਸ ਦੇ ਨਾਲ ਹੀ ਵੀਰਵਾਰ ਨੂੰ 11 ਮਰੀਜ਼ਾਂ ਨੇ ਦਮ ਤੋੜਿਆ ਹੈ, ਜਿਸ ‘ਚ 9 ਲੁਧਿਆਣਾ ਦੇ ਹਨ ਅਤੇ ਬਾਕੀ 2 ਹੋਰ ਜ਼ਿਲ੍ਹਿਆ ਦੇ ਹਨ। ਮਹਾਨਗਰ ‘ਚ ਹੁਣ ਤੱਕ 4385 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 138 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ 1461 ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਸਥਾਨਿਕ ਹਸਪਤਾਲਾਂ ‘ਚ ਭਰਤੀ ਹੋਣ ਵਾਲੇ ਮਰੀਜ਼ਾਂ ‘ਚੋਂ 542 ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ ਜਦਕਿ 43 ਮਰੀਜ਼ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।