paint merchant arrested police: ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਚਾਰੇ ਪਾਸੇ ਕਿਰਕਰੀ ਹੋ ਰਹੀ ਹੈ, ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਦੇ ਦਿਸ਼ਾਂ-ਨਿਰਦੇਸ਼ਾਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਦੇ ਮੱਦੇਨਜ਼ਰ ਹੁਣ ਅੰਮ੍ਰਿਤਸਰ ਦੇ ਤਰਸੀਕਾ ਥਾਣੇ ਦੀ ਪੁਲਿਸ ਨੇ ਲੁਧਿਆਣਾ ਨਿਵਾਸੀ ਪੇਂਟ ਵਪਾਰੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਰਾਜ਼ੇਸ਼ ਜੋਸ਼ੀ ‘ਤੇ ਨਕਲੀ ਸ਼ਰਾਬ ਦੇ 3 ਡਰੰਮ ਸਪਲਾਈ ਕਰਨ ਦਾ ਦੋਸ਼ ਹੈ।
ਦੱਸਣਯੋਗ ਹੈ ਕਿ ਇੰਸਪੈਕਟਰ ਅਜੈ ਪਾਲ ਸਿੰਘ ਦੀ ਅਗਵਾਈ ‘ਚ ਆਈ ਪੁਲਿਸ ਟੀਮ ਨੇ ਰਾਜੇਸ਼ ਜੋਸ਼ੀ ਨੂੰ ਲੁਧਿਆਣਾ ਦੇ ਚੀਮਾ ਚੌਕ ਸਥਿਤ ਉਸ ਦੀ ਪੇਂਟ ਦੀ ਦੁਕਾਨ ਤੋਂ ਗ੍ਰਿਫਤਾਰ ਕੀਤਾ ਹੈ। ਰਾਜ਼ੇਸ ਜੋਸ਼ੀ ਭਾਈ ਵਾਲਾ ਚੌਕ ਦੇ ਨੇੜੇ ਪਿੰਕ ਫਲੈਟਸ ‘ਚ ਰਹਿੰਦਾ ਹੈ, ਜਿੱਥੇ ਪੁਲਿਸ ਨੇ ਛਾਪੇਮਾਰੀ ਕੀਤੀ । ਗ੍ਰਿਫਤਾਰ ਕੀਤੇ ਗਏ ਦੋਸ਼ੀ ਰਾਜ਼ੇਸ਼ ਜੋਸ਼ੀ ਨੂੰ ਅੱਜ ਭਾਵ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਇੰਸਪੈਕਟਰ ਅਜੈ ਪਾਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀ ਰਾਜ਼ੇਸ਼ ਜੋਸ਼ੀ ਤੋਂ ਸ਼ੁਰੂਆਤੀ ਪੁੱਛਗਿੱਛ ਕੀਤੀ ਗਈ ਹੈ। ਉਸ ਨੇ ਦੱਸਿਆ ਹੈ ਕਿ ਮੋਗਾ ਦੇ ਕੁਝ ਲੋਕ ਉਸ ਕੋਲੋ 3 ਡਰੰਮ ਥੀਨਰ ਲੈ ਕੇ ਗਏ ਸੀ। ਇਸ ਤੋਂ ਇਲ਼ਾਵਾ ਉਸ ਨੂੰ ਹੋਰ ਕੋਈ ਜਾਣਕਾਰੀ ਨਹੀਂ ਹੈ।
ਦੱਸਣਯੋਗ ਹੈ ਕਿ ਕਿ ਬੀਤੇ ਦਿਨ ਭਾਵ ਸੋਮਵਾਰ ਨੂੰ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ 2 ਵਪਾਰੀਆਂ ਸਮੇਤ 13 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਇਸ ਮਾਮਲੇ ਸਬੰਧੀ ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਹੈ ਕਿ ਹੁਣ ਤੱਕ ਲਗਭਗ 37 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਜਾਇਜ਼ ਸ਼ਰਾਬ ਦੀਆਂ ਤਾਰਾਂ ਸੂਬੇ ਦੇ ਕਈ ਜ਼ਿਲ੍ਹਿਆਂ ਤੱਕ ਫੈਲੀਆਂ ਹੋਈਆਂ ਹਨ। ਸੂਬੇ ਭਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਜ਼ਿਆਦਾ ਲੋਕ ਦਮ ਤੋੜ ਚੁੱਕੇ ਹਨ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਮੌਤਾ ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਬਟਾਲਾ ‘ਚ ਹੋਈਆਂ ਹਨ।