PAU open strict instructions: ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਕੋਰੋਨਾ ਵਾਇਰਸ ਦੀ ਦਸਤਕ ਦੇਣ ਤੋਂ ਬਾਅਦ ਪ੍ਰਸ਼ਾਸਨ ਨੇ ਸਖਤਾਈ ਹੋਰ ਵਧਾ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੀ.ਏ.ਯੂ ‘ਚ ਡਿਪਾਰਟਮੈਂਟ ਆਫ ਬਿਜ਼ਨੈਸ ਸਟੱਡੀਜ਼ ਦੀ ਸੀਨੀਅਰ ਅਸਿਸਟੈਂਟ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਤੋਂ ਯੂਨੀਵਰਸਿਟੀ ਨੂੰ ਪ੍ਰਬੰਧਨ ਕਮੇਟੀ ਨੇ ਇਕ ਹਫਤੇ ਲਈ ਬੰਦ ਰੱਖਿਆ ਸੀ ਅਤੇ ਹੁਣ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਹੁਣ ਯੂਨੀਵਰਸਿਟੀ ‘ਚ ਕੰਮਕਾਜ ਦੇ ਲਈ ਇਕੋ ਸਮੇਂ ਸਿਰਫ 50 ਫੀਸਦੀ ਸਟਾਫ ਹੀ ਆਵੇਗਾ ਅਤੇ ਬਿਨਾਂ ਮਾਸਕ ਤੋਂ ਸਟਾਫ ਅੰਦਰ ਦਾਖਲ ਨਹੀਂ ਹੋ ਸਕਦਾ। ਦਫਤਰਾਂ ਅਤੇ ਫਾਰਮਸਟੇਸ਼ਨ ‘ਤੇ ਚਾਹ ਨਹੀਂ ਦਿੱਤੀ ਜਾਵੇਗੀ ਅਤੇ ਹੁਣ ਕਰਮਚਾਰੀ ਆਪਣੇ ਘਰੋਂ ਹੀ ਚਾਹ ਲੈ ਕੇ ਆਉਣਗੇ। ਕੈਂਪਸ ਦੀਆਂ ਕੰਟੀਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਹਰ ਕਰਮਚਾਰੀ ਦੇ ਲਈ ਅਰੋਗਿਆ ਸੇਤੂ ਐਪ ਜਾਂ ਕੋਵਾ ਐਪ ਇੰਸਟਾਲ ਕਰਨਾ ਜ਼ਰੂਰੀ ਕਰ ਦਿੱਤਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਯੂਨੀਵਰਸਿਟੀ ‘ਚ ਕੋਈ ਵੀ ਕਰਮਚਾਰੀ ਇਕ-ਦੂਜੇ ਨੂੰ ਹੱਥ ਨਹੀਂ ਮਿਲਾਉਣਗੇ ਅਤੇ ਆਪਸ ‘ਚ ਘੱਟੋ-ਘੱਟ 2 ਮੀਟਰ ਦੀ ਦੂਰੀ ਰੱਖਣਗੇ। ਯੂਨੀਵਰਸਿਟੀ ‘ਚ ਆਉਣ ਵਾਲੀ ਡਾਕ ਨੂੰ ਪਹਿਲਾਂ ਤੋਂ ਸੈਨੇਟਾਈਜ਼ ਕੀਤਾ ਜਾਵੇਗਾ। ਕੋਈ ਯੂਨੀਵਰਸਿਟੀ ਦੇ ਕੰਮ ਲਈ ਬਾਹਰ ਟੂਰ ‘ਤੇ ਜਾਵੇਗਾ ਤਾਂ ਕਾਰ ‘ਚ ਡਰਾਈਵਰ ਨੂੰ ਛੱਡ ਕੇ ਸਿਰਫ 2 ਹੀ ਲੋਕ ਜਾਣਗੇ। ਇਸ ਤੋਂ ਇਲਾਵਾ ਹੁਣ ਤੋਂ ਦਫਤਰੀ ਮੀਟਿੰਗ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੋਵੇਗੀ। ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਸਿਰਫ 5 ਮੈਂਬਰ ਹੀ ਵੈਂਟੀਲੇਟਿਡ ਰੂਮ ਜਾਂ ਕਮੇਟੀ ਰੂਮ ‘ਚ ਇਕੱਠੇ ਹੋਣਗੇ। ਦਫਤਰੀ ਕੰਮ ਈ-ਆਫਿਸ, ਈਮੇਲ, ਟੈਲੀਫੋਨ, ਵੱਟਸਐਪ ਅਤੇ ਐੱਸ.ਐੱਮ.ਐੱਸ ਦੇ ਰਾਹੀਂ ਹੋਵੇਗਾ। ਕੰਟੇਨਮੈਂਟ ਜ਼ੋਨ ‘ਚ ਰਹਿਣ ਵਾਲੇ ਕਰਮਚਾਰੀ ਘਰੋਂ ਹੀ ਕੰਮ ਕਰਨਗੇ ਅਤੇ ਦਫਤਰ ਨਹੀਂ ਆਉਣਗੇ।