police action strict challans: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਦੇ ਵੱਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲਾਏ ਗਏ ਕਰਫਿਊ ਦੇ ਚੱਲਦਿਆਂ ਬੀਤੇ ਦਿਨ ਭਾਵ ਸ਼ਨੀਵਾਰ ਨੂੰ ਲੁਧਿਆਣਾ ‘ਚ ਪੂਰੀ ਤਰ੍ਹਾਂ ਬੰਦ ਰਿਹਾ ਹੈ। ਪੁਲਿਸ ਨੇ ਵੀ ਸਖਤੀ ਕਰਨ ‘ਚ ਕੋਈ ਢਿੱਲ ਨਹੀਂ ਵਰਤੀ। ਕਰਫਿਊ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਆਦੇਸ਼ਾਂ ‘ਤੇ ਸ਼ਹਿਰ ‘ਚ 125 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ, ਜਿਸ ‘ਤੇ ਕੁੱਲ 900 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ।
ਪੁਲਿਸ ਨੇ ਨਾਕਾਬੰਦੀ ਦੇ ਨਾਲ-ਨਾਲ ਬਾਜ਼ਾਰਾਂ ‘ਚ ਵੀ ਪੂਰੀ ਤਰ੍ਹਾਂ ਨਾਲ ਕੰਮ ਸੰਭਾਲਿਆ, ਉਥੇ ਵੀ ਚੈਕਿੰਗ ਕੀਤੀ ਗਈ ਕਿ ਕੋਈ ਵੀ ਦੁਕਾਨ ਖੁੱਲੀ ਤਾਂ ਨਹੀ। ਇਸ ਤੋਂ ਇਲਾਵਾ ਕਈ ਇਲਾਕਿਆਂ ‘ਚ ਨਿਗਰਾਨੀ ਕਰਨ ਲਈ ਪੁਲਿਸ ਵੱਲੋਂ ਡ੍ਰੋਨ ਦੀ ਵਰਤੋਂ ਵੀ ਕੀਤੀ ਗਈ ਤਾਂ ਕਿ ਲੋਕਾਂ ‘ਤੇ ਨਜ਼ਰ ਰੱਖੀ ਜਾ ਸਕੇ। ਇਸ ਦੇ ਨਾਲ ਹੀ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦਾ ਵੀ ਅਧਿਕਾਰੀਆਂ ਨੇ ਮੁਆਇਨਾ ਕੀਤਾ। ਕਈ ਥਾਵਾਂ ‘ਤੇ ਲੋਕ ਪੁਲਿਸ ਦੇ ਨਾਲ ਵੀ ਉਲਝੇ ਰਹੇ ਪਰ ਉਨ੍ਹਾਂ ਨੂੰ ਨਿਯਮਾਂ ਨੂੰ ਫਾਲੋ ਕਰਨ ਸਬੰਧੀ ਚਿਤਾਵਨੀ ਦੇ ਕੇ ਭੇਜ ਦਿੱਤਾ ਗਿਆ।ਇਸ ਤੋਂ ਇਲਾਵਾ ਸ਼ਹਿਰ ‘ਚ ਕੈਮਰਾ ਯੁਕਤ ਪੀ.ਸੀ.ਆਰ ਅਰਟਿਗਾ ਗੱਡੀਆਂ ਚਲਾਈਆਂ ਗਈਆਂ, ਜਿਸ ਦੀ ਨੈਟਵਰਕਿੰਗ ਸੀ.ਪੀ ਦਫਤਰ ਤੋਂ ਕੀਤੀ ਗਈ। ਪੁਲਿਸ ਕਮਿਸ਼ਨਰ ਆਪਣੇ ਦਫਤਰ ਅਤੇ ਘਰ ਦੋਵਾਂ ਥਾਵਾਂ ‘ਤੇ ਲੁਧਿਆਣਾ ਦੇ ਹਾਲਾਤਾਂ ਨੂੰ ਦੇਖਦੀ ਰਹੇ।
ਇਸ ਦੌਰਾਨ ਸ਼ਾਮ 7 ਵਜੇ ਤੱਕ ਦੁਕਾਨਾਂ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਆਦੇਸ਼ਾਂ ਦਾ ਉਲੰਘਣ ਕਰਨ ਵਾਲੇ ਚਿਕਨ ਕਾਰਨਰ ਦੇ ਮਾਲਕ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਰਫਿਊ ਸਮੇਂ ਬਾਹਰ ਨਿਕਲਣ ਅਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 245 ਲੋਕਾਂ ਦੇ ਚਾਲਾਨ ਕੱਟੇ ਗਏ, ਜਿਨ੍ਹਾਂ ‘ਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸ਼ਾਮਲ ਸੀ। ਇਸ ਤੋਂ ਇਲਾਵਾ ਪੁਲਿਸ ਨੇ ਦੁਕਾਨਾਂ ਖੋਲ੍ਹਣ ਵਾਲੇ 3 ਵਿਅਕਤੀਆਂ ‘ਤੇ ਵੀ ਐੱਫ.ਆਈ.ਆਰ ਦਰਜ ਕੀਤੀ। ਸੋਮਵਾਰ ਨੂੰ ਚਾਲਾਨ ਤੋਂ ਜਿਆਦਾ ਐੱਫ.ਆਈ.ਆਰ ‘ਤੇ ਪੁਲਿਸ ਜ਼ੋਰ ਦੇਵੇਗੀ।
ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ ਖਤਰਨਾਕ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਸਖਤਾਈ ਵਰਤੀ ਜਾ ਰਹੀ ਹੈ। ਸਰਕਾਰ ਵੱਲੋਂ ਰਾਤ ਦੇ ਕਰਫਿਊ ਦਾ ਸਮਾਂ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਧਾਰਾ 144 ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।