Sangrur Farmers: ਸੰਗਰੂਰ ਦੇ ਕਿਸਾਨਾਂ ਨੇ ਪੱਤਰਕਾਰਾਂ ਨੂੰ ਆਪਣੀ ਦਰਦਭਰੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਕਿਸਾਨ ਨੂੰ ਤਾਂ ਕੁਦਰਤ ਵੀ ਮਾਰ ਰਹੀ ਹੈ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਤਾਂ 70 ਸਾਲ ਤੋਂ ਹੀ ਕਿਸਾਨਾਂ ਨੂੰ ਬਰਬਾਦ ਕਰਨ ਤੇ ਲੱਗੀਆ ਹੋਈਆ ਹਨ।
ਕਿਸਾਨਾਂ ਨੇ ਡੇਲੀ ਪੋਸਟ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਪਹਿਲਾਂ ਤਾਂ ਆਪਣੇ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਫਸਲ ਨੂੰ ਬੀਜਣ ਲਈ ਮੇਹਨਤ ਕਰਦਾ ਹੈ ਤੇ ਉਦੋਂ ਵੀ ਉਸ ਦੇ ਰਾਹ ਵਿੱਚ ਕਈਂ ਸਰਕਾਰੀ ਬਾਬੂ ਰੋੜਾ ਬਣ ਜਾਂਦੇ ਹਨ ਜਿਵੇ ਕਿ ਫਸਲ ਨੂੰ ਉਗਾਉਣ ਸਮੇਂ ਪਾਣੀ ਦੀ ਜਰੂਰਤ ਹੁੰਦੀ ਹੈ ਤਾਂ ਬਿਜਲੀ ਵਿਭਾਗ ਵੱਲੋਂ ਸਮੇਂ ਸਿਰ ਬਿਜਲੀ ਸਪਲਾਈ ਨਹੀਂ ਦਿੱਤੀ ਜਾਂਦੀ ਜਾਂ ਫਿਰ ਨਿਰਧਾਰਤ ਸਮੇਂ ਤੋਂ ਬਹੁਤ ਘੱਟ ਬਿਜਲੀ ਮਿਲਦੀ ਹੈ ਅਤੇ ਉਪਰੋ ਰੱਬ ਵੀ ਬਰਸਾਤ ਨਹੀਂ ਪਾਉਂਦਾ। ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਹੋਣ ਤੋਂ ਪਹਿਲਾਂ ਹੀ ਸੁੱਕ ਜਾਂਦੀਆ ਹਨ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦ ਉਹ ਫਸਲ ਨੂੰ ਬੀਜ ਕੇ ਪਾਲ ਪੋਸ ਲੈਂਦੇ ਹਨ ਅਤੇ ਪੱਕਣ ਤੋਂ ਬਾਅਦ ਮੰਡੀਆ ਵਿੱਚ ਲਿਆਉਣ ਦਾ ਸਮਾਂ ਆਉਦਾ ਹੈ ਤਾਂ ਇੱਕ ਵਾਰ ਤਾਂ ਕਿਸਾਨਾਂ ਦੇ ਮੂੰਹ ‘ਤੇ ਰੌਣਕ ਜਹੀ ਆ ਜਾਂਦੀ ਹੈ ਪਰ ਉਧਰ ਵੀ ਸਰਕਾਰਾਂ ਅਤੇ ਕੁਦਰਤ ਨੂੰ ਕਿਸਾਨਾਂ ਦੇ ਚੇਹਰਿਆਂ ਤੇ ਆਈ ਰੌਣਕ ਠੀਕ ਨਹੀਂ ਲੱਗਦੀ। ਜਿਸ ਕਰਕੇ ਕਈਂ ਵਾਰ ਤਾਂ ਬਰਸਾਤ ਹੀ ਐਨੀ ਜਿਆਦਾ ਹੋ ਜਾਂਦੀ ਹੈ ਕਿ ਕਿਸਾਨਾਂ ਦੀਆਂ ਪੱਕੀਆਂ ਹੋਈਆਂ ਫਸਲਾਂ ਬਰਸਾਤੀ ਪਾਣੀ ਵਿੱਚ ਡੁੱਬ ਕੇ ਖ਼ਰਾਬ ਹੋ ਜਾਂਦੀਆਂ ਹਨ ਅਤੇ ਕਈਂ ਵਾਰ ਗੜੇ ਮਾਰੀ ਕਾਰਨ ਵੀ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ ਅਤੇ ਬਹੁਤ ਵਾਰ ਹਨੇਰੀ ਝੱਖੜ ਝੁੱਲੇ ਕਾਰਨ ਵੀ ਫਸਲਾ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਜਾਂਦਾ ਹੈ ਜੇ ਗੱਲ ਕਰ ਲਈਏ ਸਰਕਾਰਾਂ ਦੀ ਤਾਂ ਉਹਨਾਂ ਵੱਲੋਂ ਤਾ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਵੀ ਨਹੀਂ ਮਿਲਦਾ।
ਵੋਟਾਂ ਮੰਗਣ ਵਾਲੇ ਲੀਡਰ ਕਿਸਾਨਾਂ ਦੇ ਖੇਤਾਂ ਵਿੱਚ ਤਾਂ ਕੀ ਮੰਡੀਆਂ ਵਿੱਚ ਵੀ ਕਦੇ ਚੱਕਰ ਨਹੀਂ ਲਗਾਉਂਦੇ ਕਿਸਾਨਾਂ ਨੇ ਕਿਹਾ ਕਿ ਇਹ ਸਭ ਕੁਝ ਹੋਣ ਤੋਂ ਬਾਅਦ ਤਾਂ ਕਿਸਾਨ ਕੋਲ ਖੁਦਕੁਸ਼ੀ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਬਚਦਾ। ਕਿਸਾਨਾਂ ਨੇ ਕਿਹਾ ਕਿ ਇਹਨਾਂ ਫਸਲਾ ਦਾ ਸਹੀ ਮੁੱਲ ਕਿਸਾਨ ਨੂੰ ਨਹੀਂ ਮਿਲਦਾ ਜਦ ਕਿ ਇਸ ਦਾ ਸਾਰਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਮਿਲਦਾ ਹੈ ਜਿਸ ਕਰਕੇ ਹੁਣ ਕਿਸਾਨ ਹਰ ਆਏ ਦਿਨ ਬਰਬਾਦੀ ਵੱਲ ਹੀ ਜਾ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਉਧਰ ਜੇਕਰ ਗੱਲ ਪ੍ਰਸ਼ਾਸਨ ਦੀ ਕਰੀਏ ਤਾਂ ਐਸ ਡੀ ਐਮ ਸਿਮਰਪ੍ਰੀਤ ਕੌਰ ਨੇ ਵੀ ਹਰ ਵਾਰ ਦੀ ਤਰ੍ਹਾਂ ਰਟਿਆ ਰਟਾਇਆ ਜਵਾਬ ਦਿੱਤਾ ਕਿ ਅਸੀਂ ਮੌਕਾ ਦੇਖ ਕੇ ਗਿਰਦਾਵਰੀ ਕਰਵਾ ਕੇ ਅੱਗੇ ਭੇਜ ਦੇਵਾਂਗੇ ਅਤੇ ਨੁਕਸਾਨ ਦੇ ਹਿਸਾਬ ਨਾਲ ਮੁਆਵਜ਼ਾ ਦੇ ਦਿੱਤਾ ਜਾਵੇਗਾ।