ਲੁਧਿਆਣਾ, (ਤਰਸੇਮ ਭਾਰਦਵਾਜ): ਪਿਛਲੇ ਕੁਝ ਦਿਨਾਂ ਉਜ਼ਬੇਕਿਸਤਾਨ ਤੋਂ ਕੁੜੀਆਂ ਲਿਆ ਕੇ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਵਿਦੇਸ਼ੀ ਕਿੰਗਪਿੰਨ ਅਜੇ ਤਕ ਫਰਾਰ ਹਨ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੁਲਸ ਵਲੋਂ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਇੱਕ ਸਰਗਰਮ ਦਾ ਗੈਂਗ ਦਾ ਪਰਦਾਫਾਸ਼ ਕੀਤਾ ਹੈ।ਪਰ ਜਾਣਕਾਰੀ ਮੁਤਾਬਕ ਇਸ ਗੈਂਗ ਦਾ ਮੁਖੀ ਕਿੰਗਪਿੰਨ ਅਜੇ ਤਕ ਫਰਾਰ ਦੱਸਿਆ ਜਾ ਰਿਹਾ ਹੈ।
ਥਾਣਾ ਸ਼ਿਮਲਾਪੁਰੀ ਦੀ ਪੁਲਸ ਵੱਲੋਂ ਹਾਈ ਪ੍ਰੋਫ਼ਾਈਲ ਦੇਹ ਵਪਾਰ ’ਚ ਫੜ੍ਹੀਆਂ ਉਜ਼ਬੇਕੀ ਕੁੜੀਆਂ ਨੂੰ ਮਹਾਂਨਗਰ ’ਚ ਲਿਆਉਣ ਵਾਲੇ ਗਿਰੋਹ ਦੇ ਮੁੱਖ ਕਿੰਗਪਿਨ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੌਰਾਨ ਪੁਲਸ ਮੁਲਾਜ਼ਮ ਵੀ ਛਾਪੇਮਾਰੀ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਹੇ ਹਨ ਕਿਉਂਕਿ ਇਸ ਸਮੇਂ ਹਰ ਥਾਂ ਕੋਰੋਨਾ ਦਾ ਡਰ ਫੈਲਿਆ ਹੋਇਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਦੇਹ ਵਪਾਰ ਚਲਾਉਣ ਵਾਲੇ ਮੁੱਖ ਮੁਲਜ਼ਮ ਰੀਤ ਉਰਫ਼ ਮੀਨੂ, ਰਮਨਦੀਪ ਅਤੇ ਗੁਰੀ ਤਿੰਨੋਂ ਅਜੇ ਪੁਲਸ ਦੀ ਪਕੜ ਤੋਂ ਬਾਹਰ ਹਨ ਅਤੇ ਇਨ੍ਹਾਂ ਦੇ ਲਿੰਕ ਕਾਫੀ ਦੂਰ ਤੱਕ ਫੈਲੇ ਹੋਏ ਹਨ, ਜਿਨ੍ਹਾਂ ਨੂੰ ਚੈੱਕ ਕਰਨ ‘ਚ ਪੁਲਸ ਨੂੰ ਸਮਾਂ ਲੱਗ ਰਿਹਾ ਹੈ ਪਰ ਇਲਾਕੇ ‘ਚ ਚਰਚਾ ਹੈ ਕਿ ਬੇਸ਼ੱਕ ਇਸ ਵਾਰ ਵਿਦੇਸ਼ੀ ਕੁੜੀਆਂ ਫੜ੍ਹੀਆਂ ਗਈਆਂ ਹਨ ਪਰ ਦੇਹ ਵਪਾਰ ਦਾ ਧੰਦਾ ਪਹਿਲਾਂ ਵਾਂਗ ਹੀ ਸਰਗਰਮ ਹੈ। ਇਸ ’ਤੇ ਬੇਸ਼ੱਕ ਸ਼ਿਮਲਾਪੁਰੀ ਪੁਲਸ ਕੁੜੀਆਂ ਨਾਲ ਕੜੀਆਂ ਜੋੜ ਰਹੀ ਹੈ ਪਰ ਕੁੜੀਆਂ ਦੀ ਗ੍ਰਿਫ਼ਤਾਰੀ ਦੇ ਕਰੀਬ 15 ਦਿਨ ਬੀਤਣ ਤੋਂ ਬਾਅਦ ਵੀ ਕੇਸ ਦੇ ਕਿੰਗਪਿਨ ਤੱਕ ਪੁਲਸ ਦੇ ਪੁੱਜਣ ’ਚ ਅਸਫ਼ਲਤਾ ਕਾਰਨ ਕਈ ਉੱਚ ਅਧਿਕਾਰੀਆਂ ਦੇ ਮੱਥੇ ’ਤੇ ਚਿੰਤਾ ਹੈ ਪਰ ਸੂਤਰ ਦੱਸਦੇ ਹਨ ਕਿ ਇਹ ਪੁਲਸ ਦੀ ਅਸਫ਼ਲਤਾ ਨਹੀਂ, ਸਗੋਂ ਕੋਰੋਨਾ ਦਾ ਡਰ ਹੈ ਅਤੇ ਕੋਰੋਨਾ ਪੁਲਸ ਦੀ ਕਾਰਵਾਈ ’ਤੇ ਭਾਰੀ ਹੈ।ਦੋਸ਼ੀ ਕਿੰਗਪਿੰਨ ਦੀ ਪੁਲਸ ਵਲੋਂ ਪੂਰੀ ਮੁਸਤੈਦੀ ਨਾਲ ਦੋਸ਼ੀ ਦੀ ਭਾਲ ਜਾਰੀ ਹੈ, ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਉਨ੍ਹਾਂ ਦੇ ਹੱਥ ਇਹ ਸਫਲਤਾ ਲੱਗੇਗੀ।