Viral Testing Laboratory GADVASU: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਖਤਰਨਾਕ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ, ਜਿੱਥੇ ਪਸ਼ੂ ਪਾਲਣ ਮਹਿਕਮਾ ਅਤੇ ਸਾਇੰਸ ਤੇ ਤਕਨਾਲੌਜੀ ਮਹਿਕਮੇ ਦੀਆਂ ਸਹੂਲਤਾਂ ਨੂੰ ਕੋਵਿਡ-19 ਦੀ ਵਾਇਰਲ ਟੈਸਟਿੰਗ ਲਈ ਵਰਤਿਆ ਜਾਵੇਗਾ। ਜਾਣਕਾਰੀ ਮੁਤਾਬਕ ਇੱਥੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ ਯੂਨੀਵਰਸਿਟੀ (ਗਡਵਾਸੂ) ‘ਚ ਕੋਰੋਨਾ ਟੈਸਟਾਂ ਦੀ ਲੈਬ ਖੋਲੀ ਗਈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਓ.ਪੀ. ਸੋਨੀ ਵੱਲੋਂ ਕੀਤੀ ਗਈ ਹੈ, ਜਿੱਥੇ ਰੋਜ਼ਾਨਾ 1000 ਟੈਸਟ ਕੀਤੇ ਜਾਣਗੇ। ਇਸ ਮੌਕੇ ਓ.ਪੀ ਸੋਨੀ ਦੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਪਹੁੰਚੇ।
ਦੱਸਣਯੋਗ ਹੈ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਕੋਵਿਡ-19 ਦੀ ਵਾਇਰਲ ਟੈਸਟਿੰਗ ਸਮਰੱਥਾ ‘ਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਰੋਜ਼ਾਨਾ 20,000 ਟੈਸਟ ਪ੍ਰਤੀ ਦਿਨ ਹੋ ਜਾਣਗੇ। ਇਸ ਦੇ ਮੱਦੇਨਜ਼ਰ ਸੂਬੇ ‘ਚ ਅੱਜ 2 ਮੋਹਾਲੀ ਅਤੇ 1-1 ਲੁਧਿਆਣਾ ਤੇ ਜਲੰਧਰ ‘ਚ ਲੈਬ ਖੋਲੀਆਂ ਜਾਣਗੀਆਂ।ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 5032 ਤੱਕ ਪਹੁੰਚ ਚੁੱਕਿਆ ਹੈ ਜਦਕਿ 168 ਮਰੀਜ਼ ਦਮ ਵੀ ਤੋੜ ਚੁੱਕੇ ਹਨ।