Youth Akali Dal petrol diesel: ਪੰਜਾਬ ‘ਚ ਖਾਣ-ਪੀਣ ਦੇ ਲੰਗਰ ਦੀ ਰਵਾਇਤ ਬਾਰੇ ਤਾਂ ਤੁਸੀਂ ਸੁਣਿਆ ਹੋਣਾ ਹੈ ਪਰ ਕੀ ਤੁਸੀਂ ਪੈਟਰੋਲ-ਡੀਜ਼ਲ ਦੇ ਲੰਗਰ ਬਾਰੇ ਸੁਣਿਆ ਹੈ। ਅਜਿਹਾ ਹੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਪੈਟਰੋਲ-ਡੀਜ਼ਲ ਦਾ ਲੰਗਰ ਲਾਇਆ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਰੇਲਵੇ ਸਟੇਸ਼ਨ ਰੋਡ ‘ਤੇ ਪੈਟਰੋਲ ਪੰਪ ਦੇ ਬਾਹਰ ਮੁਫਤ ‘ਚ ਪੈਟਰੋਲ ਅਤੇ ਡੀਜ਼ਲ ਵੰਡਿਆ। ਇਸ ਮੌਕੇ ‘ਤੇ ਬਿੱਟੂ ਗੁੰਬਰ , ਗਗਨਦੀਪ ਸਿੰਘ ਗਿਆਸਪੁਰਾ, ਲਵਲੀ, ਸਰਬਜੀਤ ਸਿੰਘ ਖਾਲਸਾ ਅਤੇ ਕਈ ਹੋਰ ਅਕਾਲੀ ਵਰਕਰ ਵੀ ਪਹੁੰਚੇ।
ਗੁਰਦੀਪ ਸਿੰਘ ਗੋਸ਼ਾ ਨੇ ਦੱਸਿਆ ਕਿ ਦਿਨੋ-ਦਿਨ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਆਮ ਜਨਤਾ ਬਹੁਤ ਪਰੇਸ਼ਾਨ ਹੈ। ਇਸ ਲਈ ਅੱਜ ਉਨ੍ਹਾਂ ਨੇ ਥ੍ਰੀ ਵੀਲਰ ਵਾਹਨ ਚਾਲਕਾਂ ਅਤੇ ਹੋਰ ਲੋਕਾਂ ਨੂੰ 513 ਲਿਟਰ ਤੋਂ ਜ਼ਿਆਦਾ ਪੈਟਰੋਲ-ਡੀਜ਼ਵ ਵੰਡ ਕੇ ਸਰਕਾਰ ਖਿਲਾਫ ਰੋਸ ਜਤਾਇਆ। ਇਸ ਦੌਰਾਨ ਸੂਬਾ ਅਤੇ ਕੇਂਦਰ ਸਰਕਾਰ ਨੂੰ ਆਪਣੇ-ਆਪਣੇ ਹਿੱਸੇ ਦੇ ਕਰ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਹੈ।