ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਪੁਲਿਸ ਐਕਸ਼ਨ ਮੋਡ ਵਿੱਚ ਹੈ। ਇਸ ਕਤਲਕਾਂਡ ਮਾਮਲੇ ਵਿੱਚ ਪੁਲਿਸ ਵੱਲੋਂ ਲਗਾਤਾਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਹੁਣ ਮਨਮੋਹਨ ਸਿੰਘ ਮੋਹਣਾ ਨਾਮ ਦੇ ਨੌਜਵਾਨ ਦਾ ਨਾਮ ਸਾਹਮਣੇ ਆਇਆ ਹੈ। ਮੋਹਣਾ ਨੂੰ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੇ ਦੋਸ਼ਾਂ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ।
ਇਸੇ ਵਿਚਾਲੇ ਮਨਮੋਹਨ ਮੋਹਣਾ ਦਾ ਸਿਆਸੀ ਕੁਨੈਸ਼ਨ ਵੀ ਸਾਹਮਣੇ ਆਇਆ ਹੈ। ਦਰਅਸਲ, ਮੋਹਣਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਮੋਹਣਾ ਨੂੰ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੋਹਣਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ। ਉਸਦੀ ਫੋਟੋ ਬੁਢਲਾਡਾ ਤੋਂ ਉਮੀਦਵਾਰ ਰਣਵੀਰ ਕੌਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਸੀ। ਹੁਣ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੀ ਮੂਸੇਵਾਲਾ ਦੇ ਨੇੜੇ ਜਾਣ ਲਈ ਮੋਹਣਾ ਕਾਂਗਰਸ ਵਿੱਚ ਸ਼ਾਮਿਲ ਹੋਇਆ ਸੀ।
ਇਹ ਵੀ ਪੜ੍ਹੋ: ਅਗਨੀਪਥ ਖਿਲਾਫ਼ ਭਾਰਤ ਬੰਦ ‘ਤੇ ਪੰਜਾਬ ‘ਚ ਹਾਈ ਅਲਰਟ ਜਾਰੀ, ਆਰਮੀ ਭਰਤੀ ਕੇਂਦਰਾਂ ਦੀ ਵਧਾਈ ਗਈ ਸੁਰੱਖਿਆ
ਮਨਮੋਹਨ ਸਿੰਘ ਮੋਹਣਾ ‘ਤੇ ਦੋਸ਼ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਸ ਵਿਅਕਤੀ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਮਨਮੋਹਨ ਸਿੰਘ ‘ਤੇ ਸ਼ਿਕੰਜਾ ਕੱਸ ਦਿੱਤਾ ਹੈ । ਮਨਮੋਹਨ ਇਸ ਵੇਲੇ ਪੰਜਾਬ ਪੁਲਿਸ ਦੀ ਗ੍ਰਿਫ਼ਤ ਵਿਚ ਹੈ ਜਿਸ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੇ ਹੈ।
ਦੱਸ ਦੇਈਏ ਕਿ ਮੋਹਣਾ ਮਾਨਸਾ ਦਾ ਰਹਿਣ ਵਾਲਾ ਹੈ। ਉਸ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਬੁਢਲਾਡਾ ਟਰੱਕ ਯੂਨੀਅਨ ਪ੍ਰਧਾਨ ਦਰਸ਼ਨ ਸਿੰਘ ਦੇ ਕਤਲ ਕੇਸ ਵਿੱਚ ਉਹ ਜੇਲ੍ਹ ਵਿੱਚ ਬੰਦ ਹੈ। ਫਿਲਹਾਲ ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਮੋਹਣਾ ਨੂੰ ਲਾਰੈਂਸ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਦਾ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: