ਨਵਾਂਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸੈਣੀ ਇੱਕ ਵਾਰ ਫਿਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਅੰਗਦ ਸੈਣੀ ਸੋਮਵਾਰ ਨੂੰ ਆਪਣੇ ਸਾਥੀਆਂ ਨਾਲ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ਇਸਦੀ ਜਾਣਕਾਰੀ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਟਵੀਟ ਕਰ ਦਿੱਤੀ ਹੈ। ਰਾਜਾ ਵੜਿੰਗ ਨੇ ਸੈਣੀ ਦੇ ਘਰ ਜਾ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ਰਾਜਾ ਵੜਿੰਗ ਦੇ ਨਾਲ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਸਨ। ਅੰਗਦ ਸੈਣੀ ਰਾਇਬਰੇਲੀ ਸਦਰ ਤੋਂ ਭਾਜਪਾ ਵਿਧਾਇਕ ਅਦਿਤੀ ਸਿੰਘ ਦੇ ਪਤੀ ਹਨ।
ਦਰਅਸਲ, ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਮੈਂ ਤੇ ਭਾਰਤ ਭੂਸ਼ਨ ਆਸ਼ੂ ਅੰਗਦ ਸੈਣੀ ਨੂੰ ਦੁਬਾਰਾ ਕਾਂਗਰਸ ਵਿੱਚ ਸ਼ਾਮਿਲ ਕਰਵਾਉਣ ਲਈ ਨਵਾਂਸ਼ਹਿਰ ਵਿਖੇ ਉਨ੍ਹਾਂ ਦੇ ਘਰ ਪਹੁੰਚੇ। ਇਸ ਤੋਂ ਅੱਗੇ ਉਨ੍ਹਾਂ ਲਿਖਿਆ ਕਿ ਹਰ ਕਾਂਗਰਸ ਪਾਰਟੀ ਦੇ ਵਰਕਰ ਦਾ ਬਣਦਾ ਮਾਣ ਸਤਿਕਾਰ ਦੇਣ ਵਿੱਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਸਿੱਖਿਆ ਅਧਿਕਾਰੀ ਦਾ ਵੱਡਾ ਹੁਕਮ, ਹੁਣ ਸਕੂਲ ‘ਚ ਪੜ੍ਹਾਉਣ ਸਮੇਂ ਅਧਿਆਪਕ ਨਹੀਂ ਵਰਤ ਸਕਣਗੇ ਮੋਬਾਈਲ ਫੋਨ
ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ 2022 ਦੌਰਾਨ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਟਿਕਟ ਨਾ ਦਿੱਤੇ ਜਾਣ ‘ਤੇ ਨਰਾਜ਼ ਚੱਲਦਿਆਂ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਵਿਧਾਨ ਸਭਾ ਚੋਣਾਂ ਵਿਚ ਅਜ਼ਾਦ ਉਮੀਦਵਾਰ ਵਜੋਂ ਖੜ੍ਹੇ ਸਨ ਪਰ ਇਸ ਦੌਰਾਨ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਸ ਤੋਂ ਬਾਅਦ ਅੱਜ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਮੁੜ ਘਰ ਵਾਪਸੀ ਕਰ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: