Pictures of Sardar Sham Singh Atariwala’s mansion: ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਰਾਜ ਦੇ ਇੱਕ ਮਹਾਨ ਜਰਨੈਲ ਸਨ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦਾ ਖਾਨਦਾਨ ਜੈਸਲਮੇਰ ਦੇ ਭੱਟੀ ਰਾਜਪੂਤਾਂ ਨਾਲ ਸਬੰਧ ਰੱਖਦਾ ਹੈ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਵਡੇਰੇ ਦਾ ਨਾਂ ਕਾਹਨ ਚੰਦ ਸੀ ਅਤੇ ਉਨ੍ਹਾਂ ਦੇ ਦੋ ਪੁੱਤਰ ਕੌਰਾ ਤੇ ਗੌਰਾ ਸਨ। ਜਿਨ੍ਹਾਂ ਨੇ ਪੰਜਾਬ ਆ ਕੇ ਲੁਧਿਆਣੇ ਜਿਲ੍ਹੇ ‘ਚ ਜਗਰਾਵਾਂ ਨੇੜੇ ਪੈਂਦੇ ਪਿੰਡ ਕਾਉਂਕੇ ਨੂੰ ਵਸਾਇਆ ਸੀ ਜਿਸ ਨੂੰ ਅੱਜ ਕੱਲ੍ਹ ਕਾਉਂਕੇ ਕਲਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਵੇਲੇ ਮਿਸਲਾਂ ਦਾ ਜ਼ਮਾਨਾ ਸੀ। ਪੰਜਾਬ ਵਿੱਚ ਸਿੱਖ, ਰਾਜਨੀਤਕ ਸ਼ਕਤੀ ਵਜੋਂ ਉਭਰ ਰਹੇ ਸਨ। ਸਿੱਖਾਂ ਦੀ ਉਭਰ ਰਹੀ ਤਾਕਤ ਤੋਂ ਪ੍ਰਭਾਵਿਤ ਹੋ ਕੇ ਕੌਰੇ ਅਤੇ ਗੌਰੇ ਨੇ ਅੰਮ੍ਰਿਤਸਰ ਪੁੱਜ ਕੇ ਅੰਮ੍ਰਿਤ ਛਕਿਆ ਤੇ ਕੌਰ ਸਿੰਘ ਅਤੇ ਗੌਰ ਸਿੰਘ ਬਣ ਗਏ। ਇਸ ਤੋਂ ਬਾਅਦ ਸਰਦਾਰ ਨਿਹਾਲ ਸਿੰਘ ਨੇ ਅੰਮ੍ਰਿਤਸਰ ਤੋਂ 26 ਕਿਲੋਮੀਟਰ ਅਤੇ ਵਾਹਗਾ ਬਾਰਡਰ ਤੋਂ 2 ਕਿਲੋਮੀਟਰ ਦੂਰੀ ’ਤੇ ਇੱਕ ਅਟਾਰੀ ਨਾਮ ਦਾ ਪਿੰਡ ਵਸਾਇਆ ਸੀ। ਸਭ ਤੋਂ ਪਹਿਲਾ ਪਿੰਡ ਅਟਾਰੀ ਦੀ ਨੀਂਹ ਮਹੰਤ ਜਗਜੀਵਨ ਦਾਸ ਨੇ 1722 ਵਿੱਚ ਰੱਖੀ ਸੀ ਜੋ ਪਹਿਲਾਂ ਨੇਸ਼ਟਾ ਵਿੱਚ ਰਹਿੰਦੇ ਸਨ। ਉਸ ਵੇਲੇ ਇੱਥੇ ਸਿਰਫ਼ ਸਾਧੂਆਂ ਦਾ ਡੇਰਾ ਸੀ। ਉਦੋਂ ਇਲਾਕੇ ਵਿੱਚ ਚੋਰੀਆਂ-ਡਕੈਤੀਆਂ ਵਧਣ ਕਾਰਨ ਲੋਕ ਭੈਅ-ਭੀਤ ਸਨ।
ਮਹੰਤ ਵੀ ਚੋਰਾਂ-ਡਾਕੂਆਂ ਤੋਂ ਪ੍ਰੇਸ਼ਾਨ ਸੀ। ਇਸ ਮਗਰੋਂ ਗੌਰ ਸਿੰਘ ਅਤੇ ਕੌਰ ਸਿੰਘ ਨਾਂ ਦੇ ਦੋ ਭਰਾ ਮਹੰਤਾਂ ਸਮੇਤ ਇੱਥੇ ਵਸਣ ਲੱਗ ਗਏ। ਫਿਰ ਇੱਕ ਦਿਨ ਸਰਦਾਰ ਨਿਹਾਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦਾ ਖਜਾਨਾ ਲੁੱਟ ਕੇ ਪੂਰੇ ਇਲਾਕੇ ਵਿੱਚ ਹੱਲਚਲ ਪੈਦਾ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਨਿਹਾਲ ਸਿੰਘ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਸੀ। ਸਰਦਾਰ ਨਿਹਾਲ ਸਿੰਘ ਨੇ ਦਰਬਾਰ ਵਿੱਚ ਪੇਸ਼ ਹੋ ਕੇ ਖਜਾਨਾ ਲੁੱਟਣ ਦਾ ਕਾਰਨ ਦੱਸਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਬਹਾਦਰੀ ਕਾਰਨ ਉਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਹੋਣ ਲਈ ਕਿਹਾ, ਜਿਸ ਤੋਂ ਬਾਅਦ ਸਰਦਾਰ ਨਿਹਾਲ ਸਿੰਘ ਨੇ ਉਨ੍ਹਾਂ ਦੀ ਗੱਲ ਮੰਨਦਿਆਂ ਫੌਜ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ। ਫਿਰ ਇਸ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਿਲ ਸਰਦਾਰ ਨਿਹਾਲ ਸਿੰਘ ਦੇ ਘਰ ਅਟਾਰੀ ਵਿਖੇ 1788 ਈ: ਦੇ ਲੱਗਭਗ ਹੋਇਆ। ਪਿੰਡ ਅਟਾਰੀ, ਅੰਮ੍ਰਿਤਸਰ ਤੋਂ ਲਾਹੌਰ ਵਾਲੀ ਸੜਕ ‘ਤੇ 26 ਕਿਲੋਮੀਟਰ ਦੂਰ ਤੇ ਕੌਮਾਂਤਰੀ ਵਾਹਗਾ ਸਰਹੱਦ ਤੋਂ 2 ਕਿਲੋਮੀਟਰ ਉਰ੍ਹਾਂ ਵਸਿਆ ਪੁਰਾਤਨ ਇਤਿਹਾਸਕ ਕਸਬਾ ਹੈ, ਜਿੱਥੇ ਬਣੇ ਬੁਰਜਾਂ, ਮਹਿਲਾਂ, ਹਵੇਲੀਆਂ ਅਤੇ ਸਮਾਧਾਂ ਉਸ ਦੇ ਇਤਿਹਾਸਕ ਹੋਣ ਦਾ ਸਬੂਤ ਪੇਸ਼ ਕਰਦੀਆਂ ਹਨ। ਪਰ ਹੁਣ ਸਰਦਾਰ ਦੇ ਪੁਰਾਣੇ ਮਹਿਲ ਵੀ ਖਸਤਾ ਹਾਲਤ ਵਿੱਚ ਹਨ। ਪਰ ਸ਼ ਹਰਜੀਤ ਸਿੰਘ ਦੇ ਲੜਕੇ ਹਰਪ੍ਰੀਤ ਸਿੰਘ ਸਿੱਧੂ ਨੇ ਕਾਫੀ ਹੱਦ ਤੱਕ ਹਵੇਲੀ ਨੂੰ ਸੰਭਾਲਿਆ ਹੋਇਆ ਹੈ।
ਸਰਦਾਰ ਸ਼ਾਮ ਸਿੰਘ ਅਟਾਰੀ ਨੇ ਛੋਟੀ ਉਮਰ ਵਿੱਚ ਹੀ ਘੋੜਸਵਾਰੀ, ਤੀਰਅੰਦਾਜ਼ੀ ਅਤੇ ਤਲਵਾਰ ਚਲਾਉਣੀ ਆਦਿ ਜੰਗੀ ਕਰਤਬ ਸਿੱਖ ਲਏ ਅਤੇ ਪਿਤਾ ਦੇ ਨਾਲ ਲੜਾਈਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਪਿਤਾ ਦੇ ਹੁੰਦਿਆਂ ਹੀ ਉਨ੍ਹਾਂ ਨੇ 12 ਮਾਰਚ 1816 ਈ: ਨੂੰ ਮਹਾਰਾਜਾ ਰਣਜੀਤ ਸਿੰਘ ਕੋਲੋਂ ਇੱਕ ਹੀਰਿਆਂ ਜੜੀ ਕਲਗੀ ਪ੍ਰਾਪਤ ਕਰ ਲਈ ਸੀ। ਸਰਦਾਰ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਪਿਤਾ ਦੀ ਪਦਵੀ ‘ਤੇ ਨਿਯੁਕਤ ਕਰ ਦਿੱਤਾ। ਮੁਲਤਾਨ ਦੀ ਸੰਨ 1818 ਦੀ ਪਹਿਲੀ ਐਸੀ ਲੜਾਈ ਸੀ, ਜਿਸ ਵਿੱਚ ਸ: ਸ਼ਾਮ ਸਿੰਘ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹਿੱਸਾ ਲਿਆ ਸੀ ਤੇ ਬਹਾਦਰੀ ਦੇ ਜੌਹਰ ਦਿਖਾਏ ਸਨ। ਬਹਾਦਰੀ ਦੇ ਜੌਹਰਾਂ ਬਾਰੇ ਜਾਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਸ਼ਾਮ ਸਿੰਘ ਨੂੰ ਖੁਸ਼ ਹੋ ਕੇ ਸ਼ਹਿਜ਼ਾਦਾ ਖੜਕ ਸਿੰਘ, ਸ: ਦਲ ਸਿੰਘ, ਮਿਸਰ ਦੀਵਾਨ ਚੰਦ ਦੇ ਨਾਲ 1818 ਵਿੱਚ ਹੀ ਪਿਸ਼ਾਵਰ ਦੀ ਮੁਹਿੰਮ ‘ਤੇ ਭੇਜਿਆ ਤੇ ਖਾਲਸਾ ਫੌਜਾਂ ਪਿਸ਼ਾਵਰ ਜਿੱਤ ਕੇ ਮੁੜੀਆਂ। ਇਸ ਉਪਰੰਤ ਸਾਲ 1819 ਵਿੱਚ ਕਸ਼ਮੀਰ, 1828 ਵਿੱਚ ਸੰਧੜ, 1831 ਵਿੱਚ ਸਈਅਦ ਅਹਿਮਦ ਬਰੇਲਵੀ ‘ਤੇ ਜਿੱਤ, 1834 ਵਿੱਚ ਬੰਨੂੰ ਅਤੇ 1837 ਵਿੱਚ ਹਜ਼ਾਰੇ ਦੀ ਮੁਹਿੰਮ ਆਦਿ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਪ੍ਰਮੁੱਖ ਲੜਾਈਆਂ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਪਿਸ਼ਾਵਰ ਦੀ ਮੁਹਿੰਮ ਤੋਂ ਵਾਪਿਸ ਆ ਕੇ ਸਰਦਾਰ ਸ਼ਾਮ ਸਿੰਘ ਨੇ ਆਪਣੀ ਲੜਕੀ ਨਾਨਕੀ ਦਾ ਸਾਕ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਕੀਤਾ ਸੀ। ਜੋ ਭਾਰਤ ਦਾ ਸਭ ਤੋਂ ਵੱਡਾ ਵਿਆਹ ਸੀ। ਦੱਸਿਆ ਜਾਂਦਾ ਹੈ ਕਿ ਵਿਆਹ ਦੀ ਜੰਞ ਇੰਨੀ ਵੱਡੀ ਸੀ ਕਿ ਉਸ ਦਾ ਇੱਕ ਸਿਰਾ ਅਟਾਰੀ ਵਿਖੇ ਆ ਚੁੱਕਾ ਸੀ ਅਤੇ ਦੂਜਾ ਸਿਰਾ ਲਾਹੌਰ ਦੇ ਵਿੱਚ ਸੀ। ਬਰਾਤ ਦੇ ਸਵਾਗਤ ਲਈ ਇਲਾਕੇ ਦੇ ਵਿੱਚ ਚਾਰ ਸਰੋਵਰ ਵੀ ਉਸਾਰੇ ਗਏ ਸੀ।
1817 ਵਿੱਚ ਮਹਾਰਾਜਾ ਆਪਣੇ ਠਹਿਰਨ ਵਾਸਤੇ ਬਣਾਏ ਬੁਰਜ (ਜੋ ਅੱਜ ਖੰਡਰ ਹਾਲਤ ਵਿੱਚ ਮੌਜੂਦ ਹੈ) ਪਿੰਡ ਵਣੀਂਏ ਕੀ ਵਿਖੇ ਠਹਿਰੇ ਹੋਏ ਸਨ। ਉਨ੍ਹਾਂ ਅਜਿਹੇ ਬੁਰਜ ਲੋਕਾਂ ਦੇ ਦੁੱਖ, ਤਕਲੀਫਾਂ ਤੇ ਸ਼ਿਕਾਇਤਾਂ ਸੁਣਨ ਲਈ ਬਣਾਏ ਹੋਏ ਸਨ। ਉਥੇ ਮਹਾਰਾਜਾ ਸਖ਼ਤ ਬਿਮਾਰ ਹੋਣ ਤੋਂ ਬਾਅਦ ਆਏ ਸਨ। ਉਨ੍ਹਾਂ ਦੇ ਬਚਣ ਦੀ ਕੋਈ ਆਸ ਨਹੀਂ ਸੀ, ਵੈਦ-ਹਕੀਮਾਂ ਨੇ ਜਵਾਬ ਦੇ ਦਿੱਤਾ। ਸ਼ ਸ਼ਾਮ ਸਿੰਘ ਦੇ ਪਿਤਾ ਸ਼ ਨਿਹਾਲ ਸਿੰਘ ਅਟਾਰੀਵਾਲੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਵਾਪਿਸ ਆ ਕੇ ਮਹਾਰਾਜੇ ਦੇ ਪਲੰਘ ਕੋਲ ਖਲੋ ਕੇ ਵਾਹਿਗੁਰੂ ਅੱਗੇ ਸੱਚੇ ਦਿਲੋਂ ਅਰਦਾਸ ਕੀਤੀ, “ਹੇ ਸੱਚੇ ਪਾਤਸ਼ਾਹ! ਮੇਰੀ ਬਾਕੀ ਦੀ ਜ਼ਿੰਦਗੀ ਮਹਾਰਾਜੇ ਨੂੰ ਮਿਲ ਜਾਏ ਤੇ ਇਨ੍ਹਾਂ ਦੀ ਬਿਮਾਰੀ ਮੈਨੂੰ ਲੱਗ ਜਾਏ।” ਅਰਦਾਸ ਸੁਣੀ ਗਈ ਅਤੇ ਮਹਾਰਾਜਾ 7 ਦਿਨਾਂ ਦੇ ਅੰਦਰ ਤੰਦਰੁਸਤ ਹੋ ਗਏ ਪਰ ਅਟਾਰੀ ਆ ਕੇ ਸ਼ ਨਿਹਾਲ ਸਿੰਘ ਬਿਮਾਰ ਪੈ ਗਏ। ਰੱਬ ਦਾ ਕਰਨਾ, ਜਿਸ ਦਿਨ ਮਹਾਰਾਜੇ ਨੇ ਬਿਮਾਰੀ ਤੋਂ ਬਾਅਦ ਪਹਿਲਾ ਇਸ਼ਨਾਨ ਕੀਤਾ, ਸ਼ ਨਿਹਾਲ ਸਿੰਘ ਜਨਵਰੀ 1818 ਨੂੰ ਅਕਾਲ ਚਲਾਣਾ ਕਰ ਗਏ। ਜਿਸ ਤੋਂ ਬਾਅਦ ਮਹਾਰਾਜਾ ਆਪ ਚੱਲ ਕੇ ਅਟਾਰੀ ਪਹੁੰਚੇ, ਤੇ ਸ਼ ਨਿਹਾਲ ਸਿੰਘ ਦਾ ਆਪਣੇ ਹੱਥੀਂ ਸਸਕਾਰ ਕੀਤਾ। ਸਸਕਾਰ ਵਾਲੀ ਜਗ੍ਹਾ ‘ਤੇ ਆਲੀਸ਼ਾਨ ਸਮਾਧ ਬਣਾਈ ਜੋ ਅਟਾਰੀ ਵਿੱਚ ਅੱਜ ਵੀ ਮੌਜੂਦ ਹੈ।
27 ਜੂਨ 1839 ਈ: ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਅਸਤ ਹੋਣ ਲੱਗ ਪਿਆ ਭਾਵ ਰਾਜ ਪਤਨ ਵੱਲ ਵੱਧਣ ਲੱਗਾ। ਹੌਲੀ-ਹੌਲੀ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਡੋਗਰਾਸ਼ਾਹੀ ਆਰੰਭ ਹੋ ਗਈ। ਕਤਲਾਂ ਤੇ ਗਦਾਰੀਆਂ ਦਾ ਮੁੱਢ ਬੱਝ ਗਿਆ। ਇਥੋਂ ਹੀ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਲੜਾਈ ਦਾ ਆਰੰਭ ਹੋਇਆ। ਸਿੱਖਾਂ ਨਾਲ ਅੰਗਰੇਜ਼ਾਂ ਦੀ ਪਹਿਲੀ ਲੜਾਈ ਸਮੇਂ ਅੰਗਰੇਜ਼ਾਂ ਦੀ ਫੌਜ ਵਿੱਚ 44 ਹਜ਼ਾਰ ਜਵਾਨ ਤੇ 100 ਤੋਪਾਂ ਸਨ। ਅੰਗਰੇਜ਼ ਮੁਲਤਾਨ ਉੱਤੇ ਚੜ੍ਹਾਈ ਕਰਨ ਲੱਗੇ। ਸਿੱਖ ਫੌਜਾਂ ਦਾ ਕਮਾਂਡਰ-ਇਨ-ਚੀਫ ਤੇਜਾ ਸਿੰਘ ਅਤੇ ਵਜ਼ੀਰ ਲਾਲ ਸਿੰਘ ਸਨ। ਇਨ੍ਹਾਂ ਦੋਵਾਂ ਨੂੰ ਲਾਲਚ ਦੇ ਕੇ ਅੰਗਰੇਜ਼ਾਂ ਨੇ ਆਪਣੇ ਨਾਲ ਮਿਲਾ ਲਿਆ, ਜਿਸ ਕਾਰਨ ਸਿੱਖ ਫੌਜਾਂ ਦੀ ਚੜ੍ਹਾਈ ਦੀ ਯੋਜਨਾ ਇਨ੍ਹਾਂ ਦੋਵਾਂ ਨੇ ਸਫਲ ਨਾ ਹੋਣ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਪਿੱਛੋਂ ਲਾਹੌਰ ਦਰਬਾਰ ਦਾ ਕੰਮਕਾਜ ਮਹਾਰਾਣੀ ਜਿੰਦ ਕੌਰ ਦੀ ਦੇਖ-ਰੇਖ ਹੇਠ ਚੱਲ ਰਿਹਾ ਸੀ। ਮਹਾਰਾਣੀ ਜਿੰਦ ਕੌਰ ਨੇ 10 ਘੋੜਸਵਾਰਾਂ ਦੇ ਹੱਥ ਸ਼ਾਮ ਸਿੰਘ ਅਟਾਰੀਵਾਲੇ ਨੂੰ ਭੇਜੇ ਸੁਨੇਹੇ ਵਿੱਚ ਆਖਿਆ ਕਿ ਉਹ ਲਾਹੌਰ ਵੱਲ ਵੱਧ ਰਹੀਆਂ ਬਰਤਾਨਵੀ ਫੌਜਾਂ ਨੂੰ ਰੋਕਣ।
ਅਟਾਰੀ ਵਾਲੇ ਨੇ ਮਹਾਰਾਣੀ ਦਾ ਸੁਨੇਹਾ ਮਿਲਦੇ ਸਾਰ ਹੀ ਖਾਲਸਾ ਫੌਜ ਦੀ ਕਮਾਨ ਸੰਭਾਲੀ ਅਤੇ ਆਪਣੀ ਕਮਾਨ ਹੇਠ ਫੌਜ ਨੂੰ ਅੰਗਰੇਜ਼ਾਂ ਵਿਰੁੱਧ ਸਭਰਾਉਂ ਵਿਖੇ ਲੜਾਈ ਦੇ ਮੈਦਾਨ ਵਿੱਚ ਲੈ ਗਏ। ਅਖੀਰ 10 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਸਿੱਖ ਫੌਜਾਂ ਨੂੰ ਵੰਗਾਰਿਆ ਤੇ ਆਪਣੀ ਕੁਰਬਾਨੀ ਦੇਣ ਦਾ ਭਰੋਸਾ ਦਿਵਾਇਆ। ਅੰਗਰੇਜ਼ਾਂ ਨੇ ਸੂਰਜ ਚੜ੍ਹਦਿਆਂ ਹੀ ਤੋਪਾਂ ਨਾਲ ਸਿੱਖਾਂ ਦੇ ਮੋਰਚੇ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸਿੱਖਾਂ ਨੇ ਵੀ ਹਥਿਆਰ ਸੰਭਾਲੇ। ਗੋਲਿਆਂ ਦਾ ਜਵਾਬ ਗੋਲਿਆਂ ਨਾਲ ਮਿਲਣ ‘ਤੇ ਲੜਾਈ ਭਖ ਪਈ। ਸ: ਸ਼ਾਮ ਸਿੰਘ ਅਟਾਰੀ ਵਾਲਾ ਸਭ ਮੋਰਚਿਆਂ ‘ਤੇ ਜਾ ਕੇ ਆਪ ਜਵਾਨਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਇਸ ਤਰ੍ਹਾਂ ਸਿੱਖ ਫੌਜ ਅੰਦਰ ਵਿਸ਼ਵਾਸ ਤੇ ਜੋਸ਼ ਵਧਿਆ ਅਤੇ ਉਨ੍ਹਾਂ ਅੰਗਰੇਜ਼ ਫੌਜਾਂ ਨੂੰ ਪਛਾੜ ਦਿੱਤਾ। ਪਰ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਗਦਾਰੀ ਕਰਦਿਆਂ ਸਿੱਖਾਂ ਨੂੰ ਅਸਲ੍ਹੇ ਦੀ ਸਪਲਾਈ ਰੋਕ ਲਈ ਸਤਲੁਜ ਦਰਿਆ ਦਾ ਪੁਲ ਤੋੜ ਦਿੱਤਾ। ਅਸਲ੍ਹਾ-ਬਾਰੂਦ ਮੁੱਕਣ ‘ਤੇ ਸਿੱਖਾਂ ਦਾ ਅੰਗਰੇਜ਼ ਫੌਜ ਨੇ ਕਾਫ਼ੀ ਨੁਕਸਾਨ ਕੀਤਾ। ਅਖੀਰ ਫਰੰਗੀਆਂ ਦੀਆਂ ਗੋਲੀਆਂ ਨੇ ਸ: ਸ਼ਾਮ ਸਿੰਘ ਅਟਾਰੀ ਦਾ ਸਰੀਰ ਛਲਣੀ ਕਰ ਦਿੱਤਾ ਅਤੇ ਉਹ ਮੈਦਾਨ-ਏ-ਜੰਗ ‘ਚ ਸ਼ਹਾਦਤ ਦਾ ਜਾਮ ਪੀ ਗਏ। ਸ: ਸ਼ਾਮ ਸਿੰਘ ਅਟਾਰੀ ਵਾਲਾ ਦੀ ਮ੍ਰਿਤਕ ਦੇਹ ਨੂੰ ਅਟਾਰੀ ਵਿਖੇ ਲਿਆ ਕੇ ਉਸ ਦਾ ਸਸਕਾਰ ਕੀਤਾ ਗਿਆ। ਸ਼ਹੀਦ ਸ: ਸ਼ਾਮ ਸਿੰਘ ਅਟਾਰੀ ਵਾਲੇ ਦੇ ਸਨਮਾਨ ਵਜੋਂ ਪਿੰਡ ਅਟਾਰੀ ਵਿਖੇ ਉਨ੍ਹਾਂ ਦੇ ਵਾਰਸਾਂ ਵੱਲੋਂ ਇੱਕ ਸ਼ਾਨਦਾਰ ਸਮਾਰਕ ਉਸਾਰਿਆ ਗਿਆ ਹੈ।