ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਬਾਲ ਲੀਲਾਵਾਂ ਮਨ ਨੂੰ ਮੋਹ ਲੈਣ ਵਾਲੀਆਂ ਸਨ। ਬਚਪਨ ਵਿਚ ਉਹ ਪ੍ਰਿਥੀ ਚੰਦ ਤੇ ਮਹਾਦੇਵ ਨਾਲ ਕੌਡੀਆਂ ਖੇਡਦੇ ਹੁੰਦੇ ਸਨ। ਖੇਡ ਦੌਰਾਨ ਪ੍ਰਿਥੀ ਚੰਦ ਦੀ ਬਿਰਤੀ ਸਦਾ ਰੋਂਦੂਆਂ ਵਾਲੀ ਰਹਿੰਦੀ। ਉਹ ਰੋਂਡੀ ਪਿੱਟਦਾ ਆਪਣੀਆਂ ਹਾਰੀਆਂ ਹੋਈਆਂ ਕੌਡੀਆਂ ਨੂੰ ਹੇਰਾਫੇਰੀ ਨਾਲ ਦੁਬਾਰਾ ਪ੍ਰਾਪਤ ਕਰਨ ਦੀ ਤਾਕ ‘ਚ ਰਹਿੰਦਾ।
ਮਹਾਦੇਵ ਖੇਡਦਾ ਜ਼ਰੂਰ ਸੀ ਪਰ ਉਸ ਦਾ ਧਿਆਨ ਜਿੱਤ-ਹਾਰ ਤੋਂ ਨਿਰਲੇਪ ਤੇ ਸਭ ਕੁਝ ਲੁਟਾ ਦੇਣ ਵਾਲਾ ਹੁੰਦਾ ਸੀ ਪਰ ਬਾਲ ਅਰਜਨ ਦੇਵ ਜੀ ਬਹੁਤ ਸਹਿਜ ਤੇ ਸੰਜਮ ਨਾਲ ਖੇਡਦੇ। ਖੇਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਉਹ ਜਿੱਥੇ ਦੂਸਰੇ ਦੀ ਜਿੱਤ ਨੂੰ ਸਤਿਕਾਰ ਦਿੰਦੇ, ਉੱਥੇ ਪ੍ਰਿਥੀ ਚੰਦ ਨੂੰ ਆਪਣੇ ਨਿਵੇਕਲੇ ਅੰਦਾਜ਼ ਨਾਲ ਨਿਰਉੱਤਰ ਤੇ ਸ਼ਰਮਿੰਦਾ ਵੀ ਕਰ ਦਿੰਦੇ ਸਨ। ਜਦ ਕਦੇ ਇਹ ਬਾਲ-ਝਗੜੇ ਬੀਬੀ ਭਾਨੀ ਜੀ ਸਾਹਮਣੇ ਪੇਸ਼ ਹੁੰਦੇ ਤਾਂ ਮਾਂ ਆਪਣੇ ਬੇਟਿਆਂ ਦੀ ਤਬੀਅਤ ਅਨੁਸਾਰ ਜਾਣੀ-ਜਾਣ ਬਣ ਨਿਆਂ ਕਰਦੀ। ਨਿਆਂ ਉਪਰੰਤ ਅਰਜਨ ਦੇਵ ਜੀ ਜਿੱਤੀਆਂ ਹੋਈਆਂ ਕੌਡੀਆਂ ਵੀ ਵੱਡੇ ਭਰਾ ਪ੍ਰਿਥੀ ਚੰਦ ਨੂੰ ਦੇ ਦੇਣ ਲਈ ਮਾਂ ਨੂੰ ਬੇਨਤੀ ਕਰਦੇ।
ਬੀਬੀ ਭਾਨੀ ਜੀ ਦੀਆਂ ਅੱਖਾਂ ਨਮ ਹੋ ਜਾਂਦੀਆਂ। ਸ਼ਾਇਦ ਉਹ ਇਸ ਪੁੱਤਰ ਵੱਲੋਂ ਕੌਡੀਆਂ ਤਾਂ ਕੀ ਆਪਣਾ ਸਭ ਕੁਝ ਦੁਨੀਆ ਲਈ ਕੁਰਬਾਨ ਕਰ ਦੇਣ ਵਾਲੇ ਸਾਕੇ ਨੂੰ ਕਿੰਨਾ ਸਮਾਂ ਪਹਿਲਾਂ ਵੇਖ ਰਹੇ ਹੁੰਦੇ। ਗੁਰੂ ਜੀ ਨੇ ਸ਼ਹਾਦਤ ਦੇ ਕੇ ਰੋਂਡੀ ਪਿੱਟਣ ਵਾਲੇ ਬੀਰਬਲ, ਪ੍ਰਿਥੀ ਚੰਦ, ਚੰਦੂ, ਸਰਹੰਦੀ ਸਮੇਤ ਬਾਦਸ਼ਾਹ ਜਹਾਂਗੀਰ ਨੂੰ ਵੀ ਇਤਿਹਾਸ ਦੀਆਂ ਨਜ਼ਰਾਂ ਅੰਦਰ ਜਨਮਾਂ-ਜਨਮਾਂ ਤਕ ਸ਼ਰਮਿੰਦੇ ਤੇ ਨਿਰਉਤਰ ਰਹਿਣ ਲਈ ਮਜ਼ਬੂਰ ਕਰ ਛੱਡਿਆ ਹੈ।
ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪੀਰ ਨੇ ਦਿੱਤੀ ਚੁਣੌਤੀ, ਬਣ ਗਿਆ ਛੱਪੜ ਦਾ ਡੱਡੂ