ਨਸ਼ੇ ਦੇ ਖਾਤਮੇ ਨੂੰ ਲੈ ਕੇ ਪੰਜਾਬ ਪੁਲਿਸ ਐਕਸ਼ਨ ਮੋਡ ਵਿਚ ਦਿਖਾਈ ਦੇ ਰਹੀ ਹੈ। ਨਸ਼ਾ ਤਸਕਰਾਂ ਨੂੰ ਫੜਨ ਦੇ ਨਾਲ-ਨਾਲ ਹੁਣ ਡਰੱਗ ਮਨੀ ਨਾਲ ਖਰੀਦੀ ਪ੍ਰਾਪਰਟੀ ਨੂੰ ਲੈ ਕੇ ਵੀ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ। ਪੁਲਿਸ ਜਿਲ੍ਹਾ ਖੰਨਾ ਦੇ ਸਮਰਾਲਾ ਵਿਚ 2 ਨਸ਼ਾ ਤਸਕਰਾਂ ਦੀ ਲਗਭਗ 47 ਲੱਖ ਰੁਪਏ ਕੀਮਤ ਦੀ ਪ੍ਰਾਪਰਟੀ ਸੀਜ ਕੀਤੀ ਗਈ। SSP ਅਮਨੀਤ ਕੌਂਡਲ ਦੀ ਮੌਜੂਦਗੀ ਵਿਚ ਇਸ ਪ੍ਰਾਪਰਟੀ ‘ਤੇ ਨੋਟਿਸ ਚਿਪਕਾਇਆ ਗਿਆ ਤੇ ਸਰਕਾਰੀ ਵਾਹਨ ਤੋਂ ਡੀਐੱਸਪੀ ਤਰਲੋਚਨ ਸਿੰਘ ਨੇ ਸਰੇ ਬਾਜ਼ਾਰ ਮੁਨਾਦੀ ਕੀਤੀ ਤਾਂ ਕਿ ਲੋਕਾਂ ਨੂੰ ਇਸ ਦਾ ਪਤਾ ਲੱਗ ਸਕੇ।
ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸਮਰਾਲਾ ਥਾਣਾ ਨਾਲ ਸਬੰਧਤ ਦੋ ਕੇਸਾਂ ਵਿਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਗੁਰੂ ਨਾਨਕ ਰੋਡ ਸਮਰਾਲਾ ਦੇ ਰਹਿਣ ਵਾਲੇ ਸੁਖਪਾਲ ਸਿੰਘ ਸੁੱਖੀ ਦੀ ਲਗਭਗ 29 ਲੱਖ ਰੁਪਏ ਦੀ ਪ੍ਰਾਪਰਟੀ ਸੀਜ ਕੀਤੀ ਗਈ। ਸਾਲ 2021 ਵਿਚ ਸੁਖਪਾਲ ਸਿੰਘ ਨੂੰ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਇਸ ਕੇਸ ਵਿਚ ਸੁਖਪਾਲ ਸਿੰਘ ਨੂੰ ਸਜ਼ਾ ਵੀ ਹੋਈ ਹੈ।
ਦੂਜੇ ਕੇਸ ਵਿਚ ਮਾਨਕੀ ਦੇ ਰਹਿਣ ਵਾਲੇ ਸੋਹਨਸਿੰਘ ਦੀ ਲਗਭਗ 18 ਲੱਖ ਦੀ ਪ੍ਰਾਪਰਟੀ ਸੀਜ ਹੋਈ। ਸੋਹਨ ਖਿਲਾਫ ਸਾਲ 2019 ਵਿਚ ਨਸ਼ਾ ਤਸਕਰਾਂ ਦਾ ਕੇਸ ਦਰਜ ਹੈ ਜਿਸ ਵਿਚ ਐਕਸ਼ਨ ਲਿਆ ਗਿਆ। SSP ਕੌਂਡਲ ਨੇ ਦੱਸਿਆ ਕਿ ਨਸ਼ਾ ਤਸਕਰੀ ਸਮੇਂ ਦੋਵੇਂ ਕੇਸਾਂ ਵਿਚ ਸਮਰਾਲਾ ਥਾਣਾ ਦੇ ਐੱਸਐੱਚਓ ਵੱਲੋਂ ਰਿਪੋਰਟ ਬਣਾਈ ਗਈ। ਦੋਵੇਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਦਾ ਰੈਵੇਨਿਊ ਰਿਕਾਰਡ ਲਿਆ ਗਿਆ। ਜਾਂਚ ਵਿਚ ਪਾਇਆ ਗਿਆ ਕਿ ਇਹ ਪ੍ਰਾਪਰਟੀ ਡਰੱਗ ਮਨੀ ਤੋਂ ਬਣਾਈ ਗਈ ਹੈ ਜਿਸ ਦੇ ਬਾਅਦ ਐੱਸਐੱਚਓ ਦੀ ਰਿਪੋਰਟ ਨੂੰ ਦਿੱਲੀ ਨਾਲ ਸਬੰਧਤ ਅਥਾਰਟੀ ਕੋਲ ਭੇਜਿਆ ਗਿਆ। ਜਿਥੋਂ ਪ੍ਰਾਪਰਟੀ ਸੀਜ ਕਰਨ ਦੇ ਹੁਕਮ ਜਾਰੀ ਹੋਏ।
ਇਹ ਵੀ ਪੜ੍ਹੋ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਵੀ ਫ੍ਰੀ, ਕਿਸਾਨਾਂ ਦੀ ਨਾਅਰੇਬਾਜ਼ੀ 6ਵੇਂ ਦਿਨ ਵੀ ਜਾਰੀ
SSP ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਸੇ ਤਰ੍ਹਾਂ ਦੀ ਕਾਰਵਾਈ ਇਕ ਕਠੋਰ ਸਬਕ ਹੋਵੇਗਾ। ਐੱਸਐੱਸਪੀ ਨੇ ਦੱਸਿਆ ਕਿ ਪ੍ਰਾਪਰਟੀ ਸੀਜ ਹੋਣ ਦੇ ਬਾਅਦ ਹੁਣ ਭਵਿੱਖ ਵਿਚ ਨਾ ਤਾਂ ਮਾਲਕ ਇਸ ਪ੍ਰਾਪਰਟੀ ਨੂੰ ਵੇਚ ਸਕੇਗਾ ਤੇ ਨਾ ਹੀ ਕੋਈ ਇਸ ਨੂੰ ਖਰੀਦ ਸਕਦਾ ਹੈ। ਇਸ ਨੂੰ ਗਿਰਵੀ ਨਹੀਂ ਰੱਖਿਆ ਜਾ ਸਕਦਾ।