ਤਰਨਤਾਰਨ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਪਛਾਣ ਸ਼ੁਭਕਰਮਨ ਸਿੰਘ ਨਿਵਾਸੀ ਪਿੰਡ ਭਰੋਵਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਸ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ, ਜਦਕਿ ਉਸ ਦਾ ਬੇਟਾ ਇਸ ਹਾਦਸੇ ਵਿਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁਭ ਕਰਮਨ ਸਿੰਘ ਕਰੀਬ 15 ਸਾਲਾਂ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਆਪਣੇ ਪੂਰੇ ਪਰਿਵਾਰ ਨਾਲ ਉਥੇ ਵੱਸ ਚੁੱਕਾ ਸੀ।
ਜਾਣਕਾਰੀ ਮੁਤਾਬਕ ਸ਼ੁਭ ਕਰਮਨ ਆਪਣੇ ਪੁੱਤਰ ਨਾਲ ਘਰੋਂ ਗੱਡੀ ‘ਤੇ ਨਿਕਲਿਆ ਸੀ ਕਿ ਹਾਈਵੇ ‘ਤੇ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨਾਲ ਸ਼ੁਭ ਕਰਮਨ ਦੀ ਗੱਡੀ ਦੀ ਟੱਕਰ ਹੋ ਗਈ, ਜਿਸ ਵਿੱਚ ਸ਼ੁਭ ਕਰਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਮਸੂਮ ਪੁੱਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਸ਼ੁਭ ਕਰਮਨ ਦੇ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੇ ਪਿਤਾ ਅਮਰੀਕ ਸਿੰਘ ਰਾਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਸ਼ਾਮ ਹੀ ਹਾਦਸੇ ਦਾ ਪਤਾ ਲੱਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸੇ ਸਾਲ ਸ਼ੁਭ ਕਰਮਨ ਆਪਣੇ ਪਰਿਵਾਰ ਨਾਲ ਪੰਜਾਬ ਆਇਆ ਸੀ ਤੇ 5 ਮਾਰਚ ਨੂੰ ਵਾਪਸ ਨਿਊਜ਼ੀਲੈਂਡ ਪਰਤਿਆ ਸੀ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਨੂੰ ਮੁਹੱਈਆ ਕਰਵਾਏ ਜਾਣਗੇ ਸਮਾਰਟ ਫ਼ੋਨ, ਮਾਨ ਸਰਕਾਰ ਨੇ ਕੀਤਾ ਐਲਾਨ
ਅਮਰੀਕ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸ਼ੁਭ ਕਰਮਨ ਉਨ੍ਹਾਂ ਨੂੰ ਖੇਤੀਬਾੜੀ ਛੱਡ ਆਪਣੇ ਕੋਲ ਆਉਣ ਲਈ ਕਹਿ ਕੇ ਗਿਆ ਸੀ ਪਰ ਉਸ ਨਾਲ ਇਹ ਭਾਣਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਸ਼ੁਭ ਕਰਮਨ ਦੀ ਮ੍ਰਿਤਕ ਦੇਹ ਇਥੇ ਆਉਣ ਵਿੱਚ ਸਮਾਂ ਲੱਗ ਸਕਦਾ ਹੈ, ਜਿਸ ਕਰਕੇ ਪਰਿਵਾਰਕ ਮੈਂਬਰ ਖੁਦ ਨਿਊਜ਼ੀਲੈਂਡ ਜਾ ਕੇ ਆਪਣੇ ਪੁੱਤ ਦਾ ਸੰਸਕਾਰ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
























