ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਨੌਜਵਾਨਾਂ ਨੂੰ ਮੁੜ ਹਥਿਆਰਾਂ ਦੀ ਸਿਖਲਾਈ ਦੇਣ ਦੇ ਦਿੱਤੇ ਸੱਦੇ ਦੀ ਨਿਖੇਧੀ ਕੀਤੀ ਹੈ। ਰਾਜਾ ਵੜਿੰਗ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰੂ ਘਰਾਂ ਵਿੱਚ ਆਧੁਨਿਕ ਹਥਿਆਰਾਂ ਦੀ ਸਿਖਲਾਈ ਦਿੱਤੇ ਜਾਣ ਦੇ ਸੱਦੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਥੇਦਾਰ ਦੁਨੀਆ ‘ਤੇ ਖਾਸ ਕਰਕੇ ਸਿੱਖ ਕੌਮ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।
ਰਾਜਾ ਵੜਿੰਗ ਨੇ ਜਥੇਦਾਰ ਨੂੰ ਸਵਾਲ ਕਰਦਿਆਂ ਪੁੱਛਿਆ,” ਕੀ ਤੁਸੀਂ ਸਾਰੇ ਜਾਂ ਸਿਰਫ਼ ਸਿੱਖਾਂ ਲਈ ਹਥਿਆਰਾਂ ਦੀ ਸਿਖਲਾਈ ਦੀ ਵਕਾਲਤ ਕਰ ਰਹੇ ਹੋ ਅਤੇ ਕੀ ਇਸ ਨਾਲ ਦੂਜਿਆਂ ਵਿਚ ਅਸੁਰੱਖਿਆ ਅਤੇ ਅਵਿਸ਼ਵਾਸ ਦੀ ਭਾਵਨਾ ਪੈਦਾ ਨਹੀਂ ਹੋਵੇਗੀ।” ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਪੰਜਾਬ ਲਈ ਚੰਗਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਦੀ ਸਲਾਹ ਅਜਿਹੇ ਸਮੇਂ ‘ਤੇ ਨਹੀਂ ਦਿੱਤੀ ਜਾ ਸਕਦੀ ਜਦੋਂ ਪੰਜਾਬ ਆਪਣੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਸੋਗ ਮਨਾ ਰਿਹਾ ਹੈ।
ਵੜਿੰਗ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਹਥਿਆਰਾਂ ਦੀ ਸਿਖਲਾਈ ਨੂੰ ਬੜ੍ਹਾਵਾ ਦੇਣ ਦੀ ਬਜਾਏ ਤੁਸੀਂ ਸ਼ਾਂਤੀ ਦਾ ਸੰਦੇਸ਼ ਫੈਲਾਓ, ਜਿਸਨੂੰ ਸਿੱਖ ਧਰਮ ਦਰਸਾਉਂਦਾ ਹੈ, ਨਾ ਕਿ ਹਿੰਸਾ, ਕਿਉਂਕਿ ਨੌਜਵਾਨਾਂ ਨੂੰ ਆਧੁਨਿਕ ਹਥਿਆਰਾਂ ਦੀ ਸਿਖਲਾਈ ਦੇਣ ਨਾਲ ਸਿਰਫ ਹਿੰਸਾ ਹੋਵੇਗੀ, ਨਹੀਂ ਤਾਂ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਅਜਿਹੀ ਸਿਖਲਾਈ ਦਾ ਮਕਸਦ ਕੀ ਹੈ।
ਦੱਸ ਦੇਈਏ ਕਿ ਵੜਿੰਗ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਹਥਿਆਰਾਂ ਦੀ ਥਾਂ ਸਿੱਖੀ ਸਿਧਾਤਾਂ ਬਾਰੇ ਦੱਸਿਆ ਜਾਵੇ ਕਿਉਂਕਿ ਸੰਗਤ ਪ੍ਰਚਾਰ ਤੇ ਅਧਿਆਤਮਿਕਤਾ ਤੋਂ ਵਾਂਝੀ ਹੈ। ਰੰਧਾਵਾ ਨੇ ਕਿਹਾ ਕਿ ਜਥੇਦਾਰ ਦਾ ਕੰਮ ਗੁਰੂ ਦਾ ਸਿੱਖ ਬਣਾਉਣਾ ਹੈ। ਗੁਰੂ ਦਾ ਸਿੱਖ ਆਪਣੀ ਰੱਖਿਆ ਖ਼ੁਦ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: