ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬੁੱਧਵਾਰ ਰਾਤ ਆਦਮਪੁਰ ਰਾਖਵੀਂ ਸੀਟ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਹਾਲਚਾਲ ਜਾਣਨ ਲਈ ਹਸਪਤਾਲ ਪੁੱਜੇ । ਇਸ ਮੌਕੇ ਉਨ੍ਹਾਂ ਦੇ ਨਾਲ ਜਲੰਧਰ ਦੇ ਸਾਬਕਾ ਵਿਧਾਇਕਾਂ ਦੇ ਨਾਲ-ਨਾਲ ਕਈ ਸੀਨੀਅਰ ਕਾਂਗਰਸੀ ਵੀ ਮੌਜੂਦ ਸਨ । ਉਨ੍ਹਾਂ ਨੇ ਕੋਟਲੀ ਦਾ ਹਾਲ-ਚਾਲ ਪੁੱਛਿਆ ਅਤੇ ਕੁਝ ਸਮਾਂ ਉੱਥੇ ਰੁਕੇ । ਇਸ ਦੌਰਾਨ ਰਾਜਾ ਵੜਿੰਗ ਨੇ ਕੋਟਲੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।
ਰਾਜਾ ਵੜਿੰਗ ਨੇ ਵਿਧਾਇਕ ਕੋਟਲੀ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕੋਟਲੀ ਜਲਦੀ ਠੀਕ ਹੋ ਕੇ ਘਰ ਪਰਤਣ । ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਇੱਕ ਸਕੂਟਰ ‘ਤੇ ਸਵਾਰ ਦੋ ਵਿਅਕਤੀਆਂ ਨੂੰ ਬਚਾਉਂਦੇ ਸਮੇਂ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਹਾਈਵੇ ‘ਤੇ ਲੱਗੇ ਸਟਰੀਟ ਲਾਈਟ ਦੇ ਖੰਭੇ ਨਾਲ ਟਕਰਾ ਗਈ ਸੀ । ਇਸ ਹਾਦਸੇ ਵਿੱਚ ਕੋਟਲੀ ਨੂੰ ਸੱਟ ਲੱਗੀ ਹੈ, ਪਰ ਫਿਰ ਵੀ ਕਾਫੀ ਹੱਦ ਤੱਕ ਬਚਾਅ ਹੋ ਗਿਆ ਹੈ । ਉਹ ਠੀਕ ਹੋ ਰਹੇ ਹਨ ਅਤੇ ਜਲਦੀ ਹੀ ਘਰ ਪਰਤਣਗੇ।
ਦੱਸ ਦੇਈਏ ਕਿ ਰਾਜਾ ਵੜਿੰਗ ਦੇ ਨਾਲ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਰਜਿੰਦਰ ਬੇਰੀ, ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਕਈ ਕਾਂਗਰਸੀ ਅਹੁਦੇਦਾਰ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਚੰਡੀਗੜ੍ਹ ਤੋਂ ਆਪਣੇ ਘਰ ਆਦਮਪੁਰ ਨੂੰ ਪਰਤ ਰਹੇ ਸਨ ਕਿ ਰਸਤੇ ਵਿੱਚ ਬੰਗਾ ਨੇੜੇ ਪਿੰਡ ਢਾਹਾਂ ਕਲੇਰਾਂ ਕੋਲ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ । ਜਿਸ ਵਿੱਚ ਉਨ੍ਹਾਂ ਦੀ ਸੱਜੀ ਲੱਤ ਤੇ ਪੈਰ ਵਿੱਚ ਫਰੈਕਚਰ ਆਇਆ ਹੈ ਤੇ ਸੱਜੇ ਪਾਸੇ ਦੀਆਂ ਦੀ ਪਸਲੀਆਂ ਸੀ ਟੁੱਟ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: