Ravneet Bittu’s big : ਰਵਨੀਤ ਬਿੱਟੂ ਵੱਲੋਂ ਸ਼ੰਭੂ ਮੋਰਚੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਭਾਜਪਾ ਤੇ RSS ਨੇ ਹੀ ਦੀਪ ਸਿੱਧੂ ਨੂੰ ਸ਼ੰਭੂ ਮੋਰਚੇ ‘ਤੇ ਬਿਠਾਇਆ ਹੋਇਆ ਹੈ ਤੇ ਉਨ੍ਹਾਂ ਦੇ ਕਹਿਣ ‘ਤੇ ਹੀ ਦੀਪ ਸਿੱਧੂ ਵੱਲੋਂ ਉਥੇ ਖਾਲਿਸਤਾਨ ਦੇ ਨਾਅਰੇ ਲਗਾਏ ਜਾ ਰਹੇ ਹਨ। ਸ਼ੰਭੂ ਮੋਰਚੇ ‘ਤੇ ਕਿਸਾਨ ਨਹੀਂ ਸਗੋਂ ਭਾਜਪਾ ਤੇ RSS ਵੱਲੋਂ ਬਿਠਾਏ ਗਏ ਲੋਕ ਹਨ। ਰਵਨੀਤ ਬਿੱਟੂ ਨੇ ਪ੍ਰਸ਼ਾਸਨ ਤੋਂ ਸ਼ੰਭੂ ਮੋਰਚੇ ‘ਤੇ ਬੈਠੇ ਲੋਕਾਂ ਨੂੰ ਉਠਾਉਣ ਦੀ ਮੰਗ ਵੀ ਕੀਤੀ ਗਈ। ਕਿਸਾਨਾਂ ਵੱਲੋਂ ਆਪਣੇ ਜਿਲ੍ਹਿਆਂ ਦੇ ਨੇੜੇ ਹੀ ਧਰਨੇ ਲਗਾਏ ਜਾਂਦੇ ਰਹੇ ਹਨ ਜਿਥੋ ਉਹ ਰੋਜ਼ਾਨਾ ਆਉਂਦੇ ਤੇ ਫਿਰ ਘਰਾਂ ਨੂੰ ਪਰਤ ਜਾਂਦੇ ਹਨ ਪਰ ਸ਼ੰਭੂ ਮੋਰਚੇ ‘ਤੇ ਲਗਾਤਾਰ ਖਾਲਿਸਤਾਨੀ ਦੇ ਨਾਅਰੇ ਲੱਗਦੇ ਦੇਖੇ ਜਾ ਰਹੇ ਸਨ ਤੇ ਇਹ ਨਾਅਰੇ ਭਾਜਪਾ ਤੇ RSS ਦੇ ਕਹਿਣ ‘ਤੇ ਹੀ ਦਿੱਤੇ ਜਾ ਰਹੇ ਹਨ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਸ਼ੰਭੂ ਮੋਰਚੇ ਤੋਂ ਉਠਾ ਦਿੱਤਾ ਜਾਵੇ ਕਿਉਂਕਿ ਇਹ ਲੋਕ ਕਿਸਾਨ ਮੋਰਚੇ ‘ਚ ਸ਼ਾਮਲ ਨਹੀਂ ਹਨ ਤੇ ਇਨ੍ਹਾਂ ਨੂੰ ਉਠਾਉਣ ਨਾਲ ਕਿਸਾਨ ਸੰਘਰਸ਼ ‘ਚ ਕੋਈ ਫਰਕ ਨਹੀਂ ਪੈਣ ਵਾਲਾ।
ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਨੂੰ ਖਰਾਬ ਕਰਨ ਲਈ ਭਾਜਪਾ ਤੇ ਆਰ. ਐੱਸ. ਐੱਸ. ਵੱਲੋਂ ਸ਼ੰਭੂ ਬਾਰਡਰ ‘ਤੇ ਇਨ੍ਹਾਂ ਲੋਕਾਂ ਨੂੰ ਬਿਠਾਇਆ ਗਿਆ ਹੈ ਜੋ ਖਾਲਿਸਤਾਨ ਦੀ ਮੰਗ ਕਰ ਰਹੇ ਹਨ ਤੇ ਨਾਅਰੇ ਲਗਾ ਰਹੇ ਹਨ। ਕਿਸਾਨਾਂ ਦੇ ਮੁੱਦੇ ‘ਤੇ ਖਾਲਿਸਤਾਨੀ ਦਾ ਮੁੱਦਾ ਕਿਵੇਂ ਸ਼ਾਮਲ ਹੋ ਸਕਦਾ ਹੈ। ਕਿਸਾਨ ਤਾਂ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਹੈ ਤੇ ਅਜਿਹੇ ਸਮੇਂ ‘ਚ ਕਿਸਾਨਾਂ ਵੱਲੋਂ ਖਾਲਿਸਤਾਨ ਦੀ ਮੰਗ ਕਿਵੇਂ ਕੀਤੀ ਜਾ ਸਕਦੀ ਹੈ? ਇਨ੍ਹਾਂ ਗੱਲਾਂ ਤੋਂ ਸਾਫ ਸਪੱਸ਼ਟ ਹੈ ਕਿ ਇਹ ਭਾਜਪਾ ਤੇ ਆਰ. ਐੱਸ. ਐੱਸ. ਦੀ ਸੋਚੀ ਸਮਝੀ ਸਾਜ਼ਿਸ਼ ਹੈ। ਸ਼ੰਭੂ ਬਾਰਡਰ ‘ਤੇ ਬਿਠਾਈ ਟੀਮ ਨੂੰ ਫਿਲਮੀ ਡਾਇਲਾਗ ਪਰੋਸੇ ਜਾਂਦੇ ਹਨ ਜਿਨ੍ਹਾਂ ਦੇ ਆਧਾਰ ‘ਤੇ ਉਹ ਸਟੇਜ ‘ਤੇ ਬਿਆਨਬਾਜ਼ੀ ਕਰਦੇ ਹਨ। ਕਿਸਾਨਾਂ ਦੇ ਸੰਘਰਸ਼ ਨੂੰ ਕਿਸੇ ਵੀ ਕੀਮਤ ‘ਤੇ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਵੱਲੋਂ ਸਿਰਫ ਟੋਲ ਪਲਾਜ਼ਾ ਤੇ ਰੇਲਾਂ ‘ਤੇ ਹੀ ਧਰਨੇ ਲਗਾਏ ਜਾ ਰਹੇ ਹਨ ਨਾ ਕਿ ਸ਼ੰਭੂ ਬਾਰਡਰ ‘ਤੇ। BJP ਦੇ ਕਹਿਣ ‘ਤੇ ਸ਼ੰਭੂ ਬਾਰਡਰ ‘ਤੇ ਬੈਠੀ ਟੀਮ ਵਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੀ ਅਪੀਲ ਹੈ ਕਿ ਸੰਭੂ ਮੋਰਚੇ ਤੋਂ ਸਾਰੇ ਬਚੋ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ੰਭੂ ਬਾਰਡਰ ‘ਤੇ ਸ਼ਰਾਰਤੀ ਅਨਸਰਾਂ ਨੂੰ ਉਥੋਂ ਉਠਾਇਆ ਜਾਵੇ ਤਾਂ ਜੋ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਸ਼ਾਂਤਮਈ ਹੁੰਦਾ ਰਹੇ।
ਇਸ ‘ਤੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਦੀਪ ਸਿੱਧੂ ਕਾਂਗਰਸ ਦੀ ਗੱਲ ਕਰ ਰਿਹਾ ਸੀ। ਇਹ ਸਾਰੇ ਧਰਨੇ ਕਿਸਾਨਾਂ ਦੇ ਨਹੀਂ ਸਗੋਂ ਕਾਂਗਰਸ ਦੇ ਧਰਨੇ ਹਨ। ਰਵਨੀਤ ਬਿੱਟੂ ਵੱਲੋਂ ਵੋਟ ਬੈਂਕ ਦੀ ਰਾਜਨੀਤੀ ਖੇਡੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੰਭੂ ਬਾਰਡਰ ‘ਤੇ ਬੀਜੇਪੀ ਵੱਲੋਂ ਦੀਪ ਸਿੱਧੂ ਨੂੰ ਨਹੀਂ ਬਿਠਾਇਆ ਗਿਆ। ਉਨ੍ਹਾਂ ‘ਤੇ ਲਗਾਏ ਜਾਣ ਵਾਲੇ ਦੋਸ਼ ਗਲਤ ਹਨ। ਗਰੇਵਾਲ ਨੇ ਉਲਟਾ ਕਾਂਗਰਸ ਸਰਕਾਰ ‘ਤੇ ਕਿਸਾਨਾਂ ਦੇ ਸੰਘਰਸ਼ ਨੂੰ ਖਰਾਬ ਕਰਨ ਲਈ ਟੀਮ ਬਿਠਾਉਣ ਦਾ ਦੋਸ਼ ਲਗਾਇਆ ਹੈ।