ਹਲਕਾ ਖੇਮਕਰਨ ਅਧੀਨ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਬੀਤੀ ਰਾਤ ਤਿੰਨ ਲੋਕਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਲੱਗਦੇ ਪਿੰਡ ਭਗਵਾਨਪੁਰਾ ਤੋਂ ਨਾਕੇ ਦੌਰਾਨ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ।
ਪੁਲਿਸ ਨੇ ਇਨ੍ਹਾਂ ਲੋਕਾਂ ਤੋਂ ਇੱਕ ਸਵਿੱਫਟ ਕਾਰ ਸਮੇਤ ਇਮਪੋਰਟਿਡ ਪਿਸਤੌਲ, 11 ਕਾਰਤੂਸ, ਇੱਕ ਹੱਥਗੋਲਾ ਅਤੇ ਆਈ. ਈ. ਡੀ. ਵਿਸਫੋਟਕ ਵਾਲਾ ਪਦਾਰਥ ਬਰਾਮਦ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਤਿੰਨੋ ਲੋਕ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਹਨ ਅਤੇ ਇਹ ਛੋਟੀ ਉਮਰ ਦੇ ਹਨ।
ਇਨ੍ਹਾਂ ਦੇ ਸਬੰਧ ਵਿਦੇਸ਼ ਵਿੱਚ ਬੈਠੀਆਂ ਦੇਸ਼ ਵਿਰੋਧੀ ਜੱਥੇਬੰਦੀਆਂ ਨਾਲ ਦੱਸੇ ਜਾ ਰਹੇ ਹਨ। ਤਿੰਨਾਂ ਵੱਲੋਂ ਇਹ ਬੰਬ ਅਤੇ ਅਸਲਾ ਪੰਜਾਬ ਦੇ ਕਿਸ ਹਿੱਸੇ ਨੂੰ ਦਹਿਲਾਉਣ ਲਈ ਵਰਤਿਆ ਜਾਣਾ ਸੀ, ਇਸ ਦੀ ਖੁਫ਼ੀਆ ਵਿਭਾਗ ਵੱਲੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਪੁਛਗਿੱਛ ਦੌਰਾਨ ਹੋਰ ਅਸਲਾ ਬਰਾਮਦ ਹੋ ਸਕਦਾ ਹੈ। ਪੁਲਿਸ ਇਸ ਬਾਬਤ ਪ੍ਰੈੱਸ ਕਾਨਫਰੰਸ ਵੀ ਕਰ ਸਕਦੀ ਹੈ।