ਪੰਜਾਬ ‘ਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਭਾਵੇਂ ਕੋਰੋਨਾ ਕੇਸਾਂ ਦੀ ਗਿਣਤੀ ਘਟੀ ਹੈ ਪਰ ਮੌਤਾਂ ਦਾ ਅੰਕੜਾ ਦਿਨੋ-ਦਿਨ ਵੱਧ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਨੂੰ ਲੈ ਕੇ ਸਮੀਖਿਆ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਪਰ ਖੁਦ ਹੀ ਉਨ੍ਹਾਂ ਦੇ ਮੰਤਰੀਆਂ ਵੱਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸੰਗਰੂਰ ਵਿਖੇ ਪੁੱਜੇ। ਪਰ ਉਹ ਖੁਦ ਹੀ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਗਏ। ਉਥੇ ਕਿਸੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਪੁੱਜੇ ਸਨ। ਵਿਆਹ ਸਮਾਗਮ ‘ਚ ਸਿਰਫ 10 ਲੋਕਾਂ ਨੂੰ ਆਉਣ ਦੀ ਹੀ ਇਜਾਜ਼ਤ ਹੈ ਪਰ ਮੰਤਰੀ ਜੀ ਨਾਲ 10 ਤੋਂ ਵੱਧ ਤਾਂ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਹੀ ਸੀ ਤੇ ਨਾਲ ਹੀ ਸਾਧੂ ਸਿੰਘ ਧਰਮਸੌਤ ਬਿਨਾਂ ਮਾਸਕ ਤੋਂ ਵੀ ਨਜ਼ਰ ਆਏ।
ਜਦੋਂ ਸਾਧੂ ਸਿੰਘ ਧਰਮਸੋਤ ਤੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਵਿਆਹ ਵਰਗੇ ਖੁਸ਼ੀ ਦੇ ਮੌਕੇ ਜੇ 10 ਕੁ ਬੰਦੇ ਆ ਵੀ ਗਏ ਜਾਂ ਕੀ ਹੋਇਆ। ਪਰ ਫੋਟੋਆਂ ਤੋਂ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੰਤਰੀ ਸਾਹਿਬ ਆਪਣੇ ਨਾਲ 10 ਤੋਂ ਵੱਧ ਗਾਰਡ ਆਪਣੇ ਨਾਲ ਲੈ ਕੇ ਵਿਆਹ ਸਮਾਗਮ ਵਿਚ ਸ਼ਾਮਲ ਹੋਏ ਤੇ ਨਾਲ ਹੀ ਉਨ੍ਹਾਂ ਨੇ ਮਾਸਕ ਵੀ ਨਹੀਂ ਪਹਿਨਿਆ ਹੋਇਆ ਸੀ। ਕੋਰੋਨਾ ਨਿਯਮਾਂ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਮੰਤਰੀ ਹੀ ਜੇਕਰ ਨਿਯਮਾਂ ਦੀਆਂ ਧੱਜੀਆਂ ਉਡਾਉਣਗੇ ਤਾਂ ਆਮ ਲੋਕਾਂ ਇਸ ਦੀ ਪਾਲਣਾ ਕਿਸ ਤਰ੍ਹਾਂ ਕਰਨਗੇ?
ਇਹ ਵੀ ਪੜ੍ਹੋ : ਜਲੰਧਰ ‘ਚ ਘਟੇ ਕੋਰੋਨਾ ਕੇਸ ਪਰ ਮੌਤਾਂ ਦਾ ਸਿਲਸਿਲਾ ਜਾਰੀ, 28 ਸਾਲਾ ਗਰਭਵਤੀ ਸਣੇ 12 ਨੇ ਤੋੜਿਆ ਦਮ