ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਦਾ ਦੇਸ਼ ਭਰ ਵਿਚ ਸਮਰਥਨ ਕੀਤਾ ਜਾ ਰਿਹਾ ਹੈ। ਇਸਦਾ ਅਸਰ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਜਲੰਧਰ ਦੇ ਪੀਏਪੀ ਚੌਂਕ ’ਤੇ ਵੀ ਕਿਸਾਨਾਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਇੱਥੋਂ ਲੰਘ ਰਹੀਆਂ ਫੌਜ ਦੀਆਂ ਕਈ ਗੱਡੀਆਂ ਨੂੰ ਰੋਕਿਆ। ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਲੰਘਣ ਦੀ ਕੋਸ਼ਿਸ਼ ਕੀਤੀ।
ਪਰ ਕਿਸਾਨਾਂ ਨੇ ਸਾਫ ਮਨਾ ਕਰ ਦਿੱਤਾ। ਹਾਲਾਂਕਿ ਕੁਝ ਦੇਰ ਬਾਅਦ ਕਿਸਾਨਾਂ ਨੇ ਦਰਿਆਦਿਲੀ ਦਿਖਾਈ ਅਤੇ ਮਿਲਟਰੀ ਦੀਆਂ ਗੱਡੀਆਂ ਨੂੰ ਨਿਕਲਣ ਦੀ ਇਜ਼ਾਜਤ ਦੇ ਦਿੱਤੀ। ਇਸ ਸਬੰਧੀ ਕਿਸਾਨ ਆਗੂ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਭਾਰਤ ਬੰਦ ਦੇ ਚਲਦਿਆਂ ਉਹ ਸਾਵਧਾਨੀ ਨਾਲ ਚੱਲ ਰਹੇ ਹਨ। ਉਹਨਾਂ ਨੂੰ ਭਾਰਤ ਸਰਕਾਰ ਉੱਤੇ ਯਕੀਨ ਨਹੀਂ ਹੈ। ਇਸ ਕਾਰਨ ਇੱਥੋਂ ਲੰਘਣ ਵਾਲੀਆਂ ਗੱਡੀਆਂ ਜਾਂ ਹੋਰ ਵਾਹਨਾਂ ਦੀ ਪੂਰੀ ਵੈਰੀਫੀਕੇਸ਼ਨ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਸੜਕਾਂ ‘ਤੇ ਉਤਰੇ ਕਿਸਾਨ, ਟਰਾਲੀ-ਟਰੈਕਟਰ ਖੜ੍ਹੇ ਕਰ ਹਾਈਵੇਅ-ਰੇਲ ਮਾਰਗ ਕੀਤੇ ਜਾਮ
ਉਹਨਾਂ ਕਿਹਾ ਕਿ ਅੱਜ ਕਿਸਾਨ ਸੜਕਾਂ ’ਤੇ ਹਨ ਤੇ ਸਰਕਾਰ ਕਿਸਾਨਾਂ ਵਿਰੁੱਧ ਕੁਝ ਵੀ ਕਰ ਸਕਦੀ ਹੈ। ਇਸ ਲਈ ਸਾਡੀ ਡਿਊਟੀ ਬਣਦੀ ਹੈ ਕਿ ਫੌਜ ਦੀਆਂ ਗੱਡੀਆਂ ਦੀ ਪੂਰੀ ਜਾਂਚ ਤੋਂ ਬਾਅਦ ਹੀ ਉਹਨਾਂ ਨੂੰ ਲੰਘਣ ਦਿੱਤਾ ਜਾਵੇ। ਇਸ ਮੌਕੇ ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਐਮਰਜੈਂਸੀ ਸੇਵਾਵਾਂ ਚਾਲੂ ਰੱਖਣ ਲਈ ਮਨਜ਼ੂਰੀ ਦੇਣ।