ਸ੍ਰੀ ਗੁਰੂ ਨਾਨਕ ਦੇਵ ਜੀ ਦੁਖੀਆਂ ਦੇ ਦੁੱਖ ਹਰਨ ਵਾਸਤੇ ਸੰਸਾਰ ਵਿਚ ਆਏ ਸੀ। ਜਦੋਂ ਉਹ ਕੁਝ ਵੱਡੇ ਹੋਏ ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਨ੍ਹਾਂ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਨੂੰ ਕਿਹਾ। ਪਰ ਉਹ ਉਨ੍ਹਾਂ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਦਿੱਤਾ ਤੇ ਜਦੋਂ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਝਿੜਕਾਂ ਪਈਆਂ।
ਭੁੱਖੇ ਸਾਧੂਆਂ ਨੂੰ ਖੁਆ ਕੇ ਸੱਚਾ ਸੌਦਾ ਕਰਨ ਉਪਰੰਤ ਭਾਈ ਮਰਦਾਨਾ ਜੀ ਸਣੇ ਇਥੇ ਵਣ ਦੇ ਇੱਕ ਬ੍ਰਿਛ ਹੇਠ ਆਣ ਬਿਰਾਜੇ । ਇਹ ਬ੍ਰਿਛ ਅੱਜ ਵੀ ਮੌਜੂਦ ਹੈ ਅਤੇ ਤੰਬੂ ਵਾਂਗ ਤਣਿਆ ਹੋਇਆ ਹੈ। ਇਸ ਵਾਸਤੇ ਇਸ ਪਾਵਨ ਅਸਥਾਨ ਨੂੰ ਤੰਬੂ ਸਾਹਿਬ ਆਖਿਆ ਜਾਂਦਾ ਹੈ। ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਜਨਮ ਅਸਥਾਨ ਵੱਲ ਜਾਂਦਿਆਂ ਕੋਈ ਇੱਕ ਕਿਲੋਮੀਟਰ ਪਹਿਲਾਂ ਸੱਜੇ ਹੱਥ ਉੱਤੇ ਇੱਕ ਬਹੁਤ ਹੀ ਉੱਚੇ ਗੁੰਬਦ ਵਾਲਾ ਗੁਰਦੁਆਰਾ ਸਾਹਿਬ ਹੈ। ਇਹ ਗੁਰਦੁਆਰਾ ਤੰਬੂ ਸਾਹਿਬ ਹੈ।
ਇਹ ਗੁਰਦੁਆਰਾ ਨਿਹੰਗ ਸਿੰਘਾਂ ਦੇ ਕਬਜ਼ੇ ਵਿੱਚ ਸੀ, ਇਸ ਪਾਵਨ ਅਸਥਾਨ ਦੇ ਨਾਂ ਤੇ ਕੋਈ ਜ਼ਮੀਨ ਨਹੀਂ ਸੀ। ਇਸ ਗੁਰਦੁਆਰਾ ਸਾਹਿਬ ਦੇ ਮਹੰਤ ਭਾਈ ਸ਼ਰਨ ਸਿੰਘ ਨੇ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬ ਦੀ ਸੇਵਾ ਲੈ ਲਈ ਪ੍ਰੰਤੂ ਨਿਹੰਗ ਉਜਾਗਰ ਸਿੰਘ ਜਿਹਨੇਂ ਤੰਬੂ ਸਾਹਿਬ ਦੇ ਲਾਗੇ ਪ੍ਰਕਾਸ਼ ਅਸਥਾਨ ਬਣਾਇਆ ਹੋਇਆ ਸੀ, ਕਮੇਟੀ ਦੀ ਵਿਰੋਧਤਾ ਕਰਦਾ ਰਿਹਾ, ਨਿਹੰਗਾਂ ਦਾ ਬਣਾਇਆ ਹੋਇਆ ਪ੍ਰਕਾਸ਼ ਅਸਥਾਨ ਅੱਜ ਵੀ ਨਿਹੰਗ ਸਿੰਘਾਂ ਦੀ ਛਾਉਣੀ ਦੇ ਨਾਂ ਤੇ ਗੁਰਦੁਆਰਾ ਤੰਬੂ ਸਾਹਿਬ ਦੇ ਨਾਲ ਹੀ ਕਾਇਮ ਹੈ। ਨਨਕਾਣਾ ਸਾਹਿਬ ਆਏ ਯਾਤਰੀ ਇਸ ਥਾਂ `ਤੇ ਮੱਥਾ ਟੇਕਣਾ ਆਪਣਾ ਸੁਭਾਗ ਜਾਣਦੇ ਹਨ।
ਇਹ ਵੀ ਪੜ੍ਹੋ : ਪੰਜਵੇਂ ਪਾਤਸ਼ਾਹ ਦਾ ਪ੍ਰਿਥੀ ਚੰਦ ਤੇ ਮਹਾਦੇਵ ਨਾਲ ਸਹਿਜ ਤੇ ਸੰਜਮ ਨਾਲ ਕੌਡੀਆਂ ਦਾ ਖੇਡ ਖੇਡਣਾ