Trains resumption in punjab: ਪੰਜਾਬ ਦੇ ਕਿਸਾਨਾਂ ਦਾ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਗੁੱਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪੰਜਾਬ ਵਿੱਚ ਕਿਸਾਨ ਇਸ ਕਾਨੂੰਨ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਕਾਨੂੰਨ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ। ਵਿਰੋਧੀ ਵੀ ਖੇਤੀਬਾੜੀ ਕਾਨੂੰਨਾਂ ਦੇ ਸਬੰਧ ਵਿੱਚ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਸਵੇਰੇ ਖਬਰਾਂ ਆਈਆਂ ਸਨ ਕਿ ਕੇਂਦਰ ਭਾਜਪਾ ਸਰਕਾਰ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ, ਪਰ ਸੱਚਾਈ ਇਹ ਹੈ ਕਿ ਰੇਲਵੇ ਨੇ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਨਹੀਂ ਕੀਤੀ ਹੈ। ਇਨ੍ਹਾਂ ਖਬਰਾਂ ਤੋਂ ਬਾਅਦ ਰੇਲਵੇ ਦੇ ਵਲੋਂ ਵੀ ਕਿਹਾ ਗਿਆ ਹੈ ਕਿ ਸੇਵਾ ਨੂੰ ਬਹਾਲ ਨਹੀਂ ਕੀਤਾ ਗਿਆ ਹੈ। ਰੇਲਵੇ ਨੇ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਹੈ। ਦਰਅਸਲ ਇਸ ਤੋਂ ਪਹਿਲਾ ਕਈ ਅਖਬਾਰਾਂ ਅਤੇ ਵੈਬਸਾਈਟਸ ਦੇ ਵਲੋਂ ਇਹ ਖ਼ਬਰ ਚਲਾਈ ਗਈ ਸੀ ਕਿ ਕੇਂਦਰ ਸਰਕਾਰ ਵਲੋਂ 97 ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਪਰ ਰੇਲਵੇ ਦੇ ਸਪਸ਼ਟੀਕਰਨ ਦੇ ਬਾਅਦ ਉਨ੍ਹਾਂ ਵੈਬਸਾਈਟਸ ਦੇ ਵਲੋਂ ਚਲਾਈ ਗਈ ਇਸ ਖਬਰ ਨੂੰ ਵੀ ਹੱਟਾ ਦਿੱਤਾ ਗਿਆ ਹੈ।
ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ, “ਜੋ ਖਬਰਾਂ ਆ ਰਹੀਆਂ ਹਨ ਕਿ ਪੰਜਾਬ ਵਿੱਚ ਰੇਲ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਅਜਿਹਾ ਕੁੱਝ ਵੀ ਨਹੀਂ ਹੈ, ਅਜੇ ਸੇਵਾ ਨੂੰ ਮੁੜ ਸ਼ੁਰੂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਗਲਬਾਤ ਦੌਰਾਨ ਇਹ ਵੀ ਕਿਹਾ ਕਿ ਜੇ ਉਨ੍ਹਾਂ ਨੂੰ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਵੀ ਮਿਲਦੇ ਹਨ ਤਾਂ ਉਨ੍ਹਾਂ ਦੀ ਪੂਰੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਅਜੇ ਕੁੱਝ ਵੀ ਸਪਸ਼ਟ ਨਹੀਂ ਹੈ ਕਿ ਇਹ ਸਥਿਤੀ ਕਦੋ ਤੱਕ ਬਰਕਰਾਰ ਰਹੇਗੀ।” ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਦੇ ਰੇਲ ਮੰਤਰੀ ਪਿਯੂਸ਼ ਗੋਇਲ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਰੇਲ ਗੱਡੀਆਂ ਅਤੇ ਰੇਲ ਕਰਮਚਾਰੀਆਂ ਦੀ ਸੁਰੱਖਿਆ ਸਬੰਧੀ ਪੂਰਨ ਤੌਰ ਤੇ ਭਰੋਸਾ ਮੰਗਿਆ ਸੀ। ਇਸ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਵਲੋਂ ਮਾਲ ਗੱਡੀਆਂ ਰੋਕਣ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ।