ਪੰਜਾਬ ਪੁਲਿਸ ਹਮੇਸ਼ਾਂ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮੋਹਾਲੀ ਦੇ ਫੇਜ਼ -9 ਤੋਂ ਸਾਹਮਣੇ ਆਇਆ ਹੈ। ਜਿੱਥੇ ਤਿੰਨ ਨੌਜਵਾਨਾਂ ਨੂੰ ਪਹਿਲਾਂ ਪਾਰਕ ਵਿੱਚ ਅਤੇ ਫਿਰ ਜ਼ਬਰਦਸਤੀ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਣ ਦੇ ਮਾਮਲੇ ਵਿੱਚ ਜ਼ਿਲਾ ਪੁਲਿਸ ਨੇ 2 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ । ਉਨ੍ਹਾਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਮੁਅੱਤਲ ਕੀਤੇ ਮੁਲਜ਼ਮਾਂ ਵਿੱਚ ਹੌਲਦਾਰ ਹਰਪ੍ਰੀਤ ਸਿੰਘ ਅਤੇ ਕਾਂਸਟੇਬਲ ਸੁਪਿੰਦਰ ਸਿੰਘ ਸ਼ਾਮਲ ਹਨ। ਇਸ ਸਤੋਂ ਇਲਾਵਾ ਪੀੜਤਾਂ ਨੂੰ ਥਾਣੇ ਲਿਜਾਣ ਵਿੱਚ ਪੁਲਿਸ ਮੁਲਾਜ਼ਮਾਂ ਦੀ ਮਦਦ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਵੀ ਜਾਂਚ ਕੀਤੀ ਜਾਵੇਗੀ।
ਇਸ ਸਬੰਧੀ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਕਰਮਚਾਰੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ।
ਦਰਅਸਲ ਵਿੱਚ ਫੇਜ਼-9 ਵਾਸੀ ਹਰਵਿੰਦਰ ਸਿੰਘ ਪਾਰਕ ਵਿੱਚ ਬੈਠ ਕੇ ਆਪਣੇ ਮੋਬਾਈਲ ’ਤੇ ਵੀਡੀਓ ਦੇਖ ਰਿਹਾ ਸੀ । ਇਸ ਦੌਰਾਨ ਪਾਰਕ ਵਿੱਚ ਸਿਵਲ ਕੱਪੜਿਆਂ ਵਿੱਚ ਆਏ 2 ਪੁਲਿਸ ਮੁਲਾਜ਼ਮਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ । ਇਸ ਦੌਰਾਨ ਉਨ੍ਹਾਂ ਨੂੰ ਲੱਗਿਆ ਕਿ ਹਰਵਿੰਦਰ ਸਿੰਘ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ । ਇਸ ਤੋਂ ਬਾਅਦ ਦੋਵਾਂ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਉਸ ਦਾ ਮੋਬਾਈਲ ਖੋਹਿਆ ਅਤੇ ਤੋੜ ਦਿੱਤਾ। ਫਿਰ ਉਸਨੂੰ ਬਹੁਤ ਕੁੱਟਿਆ । ਜਦੋਂ ਉਸ ਦੇ ਚਚੇਰੇ ਭਰਾ ਮਦਦ ਲਈ ਪੁੱਜੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਵੀ ਕੁੱਟਿਆ ।
ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮ ਦੋਵਾਂ ਪੀੜਤਾਂ ਨੂੰ ਫੜ ਕੇ ਥਾਣੇ ਲੈ ਗਏ । ਉੱਥੇ ਵੀ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ । ਜਿਸ ਤੋਂ ਬਾਅਦ ਉਨ੍ਹਾਂ ਤੋਂ ਜ਼ਬਰਦਸਤੀ ਰਾਜ਼ੀਨਾਮਾ ਲਿਖਵਾ ਕੇ ਛੱਡ ਦਿੱਤਾ ਗਿਆ । ਇਸ ਤੋਂ ਬਾਅਦ ਨੌਜਵਾਨਾਂ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਕੀਤੀ। ਪੀੜਤਾਂ ਨੇ ਦੱਸਿਆ ਕਿ 6 ਪੁਲਿਸ ਮੁਲਜ਼ਮ ਉਨ੍ਹਾਂ ਨੂੰ ਪਾਰਕ ਵਿੱਚੋਂ ਚੁੱਕ ਕੇ ਸਿੱਧਾ ਥਾਣੇ ਲੈ ਗਏ । ਉੱਥੇ ਉਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ।
ਵੀਡੀਓ ਲਈ ਕਲਿੱਕ ਕਰੋ -: