ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਧਮਕੀਆਂ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਹਰਜਿੰਦਰ ਸਿੰਘ ਨੂੰ ਮੋਹਾਲੀ ਕੋਰਟ ਵੱਲੋਂ ਜਮਾਨਤ ਦੇ ਦਿੱਤੀ ਗਈ ਹੈ। ਹਰਜਿੰਦਰ ਸਿੰਘ ਖਿਲਾਫ਼ ਹੁਣ ਤੱਕ ਕੋਈ ਵੀ ਸਬੂਤ ਨਹੀਂ ਮਿਲਿਆ ਹੈ, ਜਿਸ ਕਰਕੇ ਅਦਾਲਤ ਨੇ ਉਸ ਦੀ ਜਮਾਨਤ ਨੂੰ ਮਨਜੂਰੀ ਦੇ ਦਿੱਤੀ, ਇਸ ਦੇ ਨਾਲ ਹੀ ਅਦਾਲਤ ਵੱਲੋਂ ਕੁਝ ਸ਼ਰਤਾਂ ਲਾਈਆਂ ਗਈਆਂ ਹਨ।

ਦੱਸ ਦੇਈਏ ਕਿ ਬੀਤੇ ਅਗਸਤ ਮਹੀਨੇ ਵਿਚ ਮਨਕੀਰਤ ਔਲਖ ਦੀ ਮੈਨੇਜਮੈਂਟ ਦੇ ਨੰਬਰ ‘ਤੇ ਇੱਕ ਵਿਦੇਸ਼ੀ ਨੰਬਰ ਤੋਂ ਮੈਸੇਜ ਆਇਆ ਸੀ, ਜਿਸ ਵਿਚ ਗਾਇਕ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ। ਗਾਇਕ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਮਗਰੋਂ ਹਰਜਿੰਦਰ ਸਿੰਘ ਜੋਕਿ ਪਿੰਡ ਖੁੱਡਾ ਜੱਸੂ, ਥਾਣਾ ਸਾਰੰਗਪੁਰ, ਚੰਡੀਗੜ੍ਹ ਦਾ ਰਹਿਣ ਵਾਲਾ ਹੈ, ਨੂੰ ਦਿੱਲੀ ਹਵਾਈ ਅੱਡੇ ਤੋਂ ਫੜਿਆ ਗਿਆ ਸੀ। ਉਹ ਇਟਲੀ ਜਾਣ ਲਈ ਉਥੇ ਪਹੁੰਚਿਆ ਸੀ।
ਇਹ ਵੀ ਪੜ੍ਹੋ : ਫਗਵਾੜਾ ‘ਚ ਵੱਡੇ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼, ਹੋਟਲ ‘ਚ ਪੁਲਿਸ ਵੱਲੋਂ ਰੇਡ, 39 ਗ੍ਰਿਫਤਾਰ
ਹਰਜਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ 24 ਅਗਸਤ ਤੋਂ ਉਹ ਪੁਲਿਸ ਹਿਰਾਸਤ ਵਿਚ ਹੈ ਪਰ ਉਸ ਖਿਲਾਫ ਕੋਈ ਵੀ ਗੈਂਗਸਟਰ ਸਰਗਰਮੀ ਦਾ ਸਬੂਤ ਨਹੀਂ ਮਿਲਿਆ। ਦੂਜਾ ਗਾਇਕ ਨੂੰ ਧਮਕੀ ਵਾਲਾ ਮੈਸੇਜ ਆਉਣ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਰ ਫਿਰ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਸ ‘ਤੇ ਅਦਾਲਤ ਨੇ ਸ਼ਰਤਾਂ ਨਾਲ ਉਸ ਨੂੰ ਜਮਾਨਤ ਦੇਣ ਦੀ ਸਹਿਮਤੀ ਦੇ ਦਿੱਤੀ।
ਸ਼ਰਤਾਂ ਮੁਤਾਬਕ ਹਰਜਿੰਦਰ ਸਿੰਘ ਹਰ ਪੇਸ਼ੀ ‘ਤੇ ਅਦਾਲਤ ਵਿਚ ਹਾਜਰ ਹੋਵੇਗਾ। ਉਹ ਸਬੂਤਾਂ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਅਤੇ ਅਦਾਲਤ ਦੀ ਇਜਾਜਤ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -:
























