ਅੱਜ (ਸ਼ਨੀਵਾਰ) ਪੰਜਾਬ ਅਤੇ ਚੰਡੀਗੜ੍ਹ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਇਹ ਸਥਿਤੀ 1 ਜਨਵਰੀ ਤੱਕ ਬਣੀ ਰਹੇਗੀ। ਹਾਲਾਂਕਿ, ਇਸ ਸਮੇਂ ਦੌਰਾਨ ਮੀਂਹ ਪੈਣ ਦੀ ਉਮੀਦ ਨਹੀਂ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਘੱਟੋ-ਘੱਟ ਤਾਪਮਾਨ 2 ਡਿਗਰੀ ਵਧਿਆ ਹੈ, ਜੋ ਕਿ ਆਮ ਨਾਲੋਂ 3 ਡਿਗਰੀ ਵੱਧ ਹੈ।
ਗੁਰਦਾਸਪੁਰ ਸੂਬੇ ਦਾ ਸਭ ਤੋਂ ਠੰਡਾ ਜਿਲ੍ਹਾ ਰਿਹਾ, ਜਿੱਥੇ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ। ਪਟਿਆਲਾ ਵਿੱਚ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ 14.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਸਿਹਤ ਵਿਭਾਗ ਨੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਇੱਕ ਸਲਾਹ ਜਾਰੀ ਕੀਤੀ ਹੈ। ਜੇ ਸਿਹਤ ਦੀ ਹਾਲਤ ਠੀਕ ਨਾ ਲੱਗੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ ਹੈ। ਅੰਮ੍ਰਿਤਸਰ ਅਤੇ ਹਲਵਾਰਾ ਵਿੱਚ ਜ਼ੀਰੋ ਡਿਗਰੀ ਵਿਜੀਬਿਲਟੀ ਦਰਜ ਕੀਤੀ ਗਈ। ਇਸੇ ਤਰ੍ਹਾਂ ਪਟਿਆਲਾ ਵਿੱਚ ਸੰਘਣੀ ਧੁੰਦ ਦਰਜ ਕੀਤੀ ਗਈ।

ਮੌਸਮ ਵਿਭਾਗ ਮੁਤਾਬਕ 27 ਦਸੰਬਰ ਤੋਂ ਹਿਮਾਲੀਅਨ ਖੇਤਰ ਵਿੱਚ ਇੱਕ ਨਵੀਂ ਕਮਜ਼ੋਰ ਪੱਛਮੀ ਗੜਬੜੀ ਸਰਗਰਮ ਹੋਣ ਦੀ ਉਮੀਦ ਹੈ। ਇਸ ਨਾਲ ਕੁਝ ਸਮੇਂ ਲਈ ਤਾਪਮਾਨ ਵਧੇਗਾ, ਜਦੋਂ ਕਿ 30 ਦਸੰਬਰ ਨੂੰ ਇੱਕ ਹੋਰ ਪੱਛਮੀ ਗੜਬੜੀ ਆਵੇਗੀ। ਇਸ ਕਾਰਨ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
28 ਦਸੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਕੁਝ ਥਾਵਾਂ ‘ਤੇ ਸੰਘਣੀ ਤੋਂ ਵੀ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
29 ਦਸੰਬਰ ਨੂੰ ਹੁਸ਼ਿਆਰਪੁਰ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਕੁਝ ਥਾਵਾਂ ‘ਤੇ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਮੁਕਤਸਰ ਵਿੱਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : CM ਦੀ ਅਗਵਾਈ ‘ਚ 29 ਦਸੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ
30 ਦਸੰਬਰ ਨੂੰ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ।
ਪੰਜਾਬ ਸਿਹਤ ਵਿਭਾਗ ਵੱਲੋਂ ਠੰਢ ਤੋਂ ਬਚਣ ਲਈ ਐਡਵਾਇਜਰੀ ਜਾਰੀ
– ਠੰਢ ਤੇ ਸੀਤ ਲਹਿਰ ਨਾਲ ਜੁੜੀਆਂ ਮੌਸਮ ਵਿਭਾਗ ਦੀਆਂ ਚਿਤਾਵਨੀਆਂ ‘ਤੇ ਧਿਆਨ ਦਿਓ।
– ਠੰਢ ਤੋਂ ਬਚਣ ਲਈ ਗਰਮ ਊਨੀ ਕੱਪੜੇ ਪਹਿਨੋ, ਸਿਰ, ਗਰਦਨ, ਹੱਥ-ਪੈਰ ਜਰੂਰ ਢਕੋ।
-ਰੋਜਾਨਾ ਸੰਤੁਲਿਤ ਖਾਣਾ ਖਾਓ ਅਤੇ ਵਿਟਾਮਿਨ-ਸੀ ਵਾਲੇ ਫਲ ਜਰੂਰ ਲਓ।
– ਸਾਰੇ ਦਿਨ ਵਿਚ ਥੋੜ੍ਹਾ-ਥੋੜ੍ਹਾ ਕਰਕੇ ਕੋਸਾ ਪਾਣੀ, ਚਾਹ ਜਾਂ ਸੂਪ ਪੀਂਦੇ ਰਹੋ।
– ਬਜੁਰਗ, ਬੱਚੇ ਤੇ ਦਿਲ ਦੇ ਮਰੀਜ ਸਵੇਰ-ਸ਼ਾਮ ਠੰਢ ਤੇ ਧੁੰਦ ਵਿਚ ਬਾਹਰ ਨਾ ਨਿਕਲਣ।
-ਸੈਰ ਕਰਨੀ ਹੋਵੇ ਤਾਂ ਧੁੱਪ ਨਿਕਲਣ ਤੋਂ ਬਾਅਦ ਹੀ ਬਾਹਰ ਜਾਓ।
-ਘਰ ਦੇ ਬੰਦ ਕਮਰੇ ਵਿਚ ਅੰਗੀਠੀ ਜਾਂ ਅੱਗ ਬਾਲ ਕੇ ਨਾ ਸੇਕੋ, ਇਸ ਨਾਲ ਸਾਹ ਘੁਟਣ ਦਾ ਖਤਰਾ ਹੁੰਦਾ ਹੈ।
-ਜਿਆਦਾ ਦੇਰ ਤੱਕ ਠੰਢ ਵਿਚ ਨਾ ਰਹੋ, ਖਾਸਕਰ ਸਵੇਰ ਤੇ ਰਾਤ ਵੇਲੇ।
-ਠੰਢ ਵਿਚ ਸ਼ਰਾਬ ਪੀਣ ਤੋਂ ਬਚੋ, ਇਸ ਨਾਲ ਸਰੀਰ ਦਾ ਤਾਪਮਾਨ ਹੋਰ ਡਿਗ ਜਾਂਦਾ ਹੈ।
-ਜੇ ਜਿਆਦਾ ਕੰਬਣੀ, ਸਾਹ ਲੈਣ ਵਿਚ ਤਕਲੀਫ ਜਾਂ ਸਰੀਰ ਦੇ ਅੰਗਾਂ ਵਿਚ ਸੁੰਨ ਲੱਗੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਜਾਂ ਹੈਲਪਲਾਈਨ 104 ‘ਤੇ ਕਾਲ ਕਰੋ।
ਵੀਡੀਓ ਲਈ ਕਲਿੱਕ ਕਰੋ -:
























