ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਇਕ ਦਿਨ ਲਾਹੌਰ ਪੁੱਜੇ। ਹਮੇਸ਼ਾ ਵਾਂਗ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਉਸਤਿਤ ਵਿਚ ਬਾਣੀ ਗਈ। ਲੋਕ ਇਕੱਠੇ ਹੋਏ। ਉਨ੍ਹਾਂ ਕੀਰਤਨ ਸੁਣਿਆ ਅਤੇ ਸਦੀਵੀ ਆਨੰਦ ਮਾਣਿਆ। ਇੱਕ ਦਿਨ ਦੁਨੀ ਚੰਦ ਨਾਂ ਦਾ ਇਕ ਵਪਾਰੀ ਵੀ ਕੀਰਤਨ ਸੁਣਨ ਆਇਆ। ਉਸ ਨੂੰ ਰੱਬੀ ਬਾਣੀ ਦਾ ਕੀਰਤਨ ਬਹੁਤ ਚੰਗਾ ਲੱਗਾ। ਦੁਨੀ ਚੰਦ ਨੇ ਗੁਰੂ ਜੀ ਨੂੰ ਆਪਣੇ ਸ਼ਾਨਦਾਰ ਘਰ ਆਉਣ ਦਾ ਸੱਦਾ ਦਿੱਤਾ। ਗੁਰੂ ਜੀ ਨੇ ਉਸ ਦੇ ਘਰ ਜਾਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਹ ਖੁੱਲ੍ਹੇ ਕੁਦਰਤੀ ਵਾਤਾਵਰਣ ਵਿਚ ਹੀ ਰਹਿਣਾ ਚਾਹੁੰਦੇ ਹਨ।
ਦੁਨੀ ਚੰਦ ਵੀ ਜ਼ਿੱਦ ਕਰਨ ਲੱਗਾ ਅਤੇ ਗੁਰੂ ਜੀ ਨੂੰ ਘਰ ਆਉਣ ਲਈ ਬੇਨਤੀਆਂ ਕਰਨ ਲੱਗਾ। ਗੁਰੂ ਜੀ ਮੰਨ ਗਏ। ਜਦੋਂ ਗੁਰੂ ਜੀ ਦੁਨੀ ਚੰਦ ਦੇ ਘਰ ਪੁੱਜੇ ਤਾਂ ਗੁਰੂ ਜੀ ਨੇ ਇਕ ਹਵੇਲੀ ਦੇਖੀ ਜਿਸ ਛੱਤ ‘ਤੇ 7 ਝੰਡੇ ਲੱਗੇ ਹੋਏ ਸਨ। ਦੁਨੀ ਚੰਦ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਅੰਦਰ ਲੈ ਗਿਆ ਤੇ ਇਕ ਆਰਾਮਦਾਇਕ ਆਸਣ ‘ਤੇ ਬਿਠਾਇਆ। ਉਸ ਨੇ ਗੁਰੂ ਜੀ ਨੂੰ ਸੁਆਦੀ ਖਾਣਾ ਖੁਆਇਆ। ਗੁਰੂ ਜੀ ਨੇ ਕੁਝ ਦੇਰ ਬਾਅਦ ਦੁਨੀ ਚੰਦ ਨੂੰ ਛੱਤ ‘ਤੇ ਲਗਾਏ 7 ਝੰਡਿਆਂ ਬਾਰੇ ਪੁੱਛਿਆ।
ਦੁਨੀ ਚੰਦ ਨੇ ਜਵਾਬ ਦਿੱਤਾ ਇਕ ਝੰਡੇ ਦਾ ਅਰਥ ਹੈ ਕਿ ਮੇਰੇ ਕੋਲ ਇੱਕ ਕਰੋੜ ਰੁਪਿਆ ਹੈ। ਮੈਂ 7 ਕਰੋੜ ਰੁਪਏ ਇਕੱਠੇ ਕਰ ਲਏ ਹਨ। ਗੁਰੂ ਜੀ ਨੇ ਕਿਹਾ ਕਿ ਇਸ ਦਾ ਮਤਲਬ ਤੂੰ ਅਮੀਰ ਹੈ ਪਰ ਈਮਾਨ ਨਾਲ ਦੱਸੀਂ ਕੀ ਤੂੰ ਖੁਸ਼ ਤੇ ਸੰਤੁਸ਼ਟ ਹੈ?ਦੁਨੀ ਚੰਦ ਨੇ ਜਵਾਬ ਦਿੱਤਾ ਸੱਚ ਤਾਂਇਹ ਹੈ ਕਿ ਮੈਂ ਅਜੇ ਹੋਰ ਚਾਹੁੰਦਾ ਹਾਂ। ਕੁਝ ਬੰਦੇ ਮੇਰੇ ਨਾਲੋਂ ਵੀ ਅਮੀਰ ਹਨ। ਮੈਂ ਲਾਹੌਰ ਦਾ ਸਭ ਤੋਂ ਅਮੀਰ ਬੰਦਾ ਬਣਨਾ ਚਾਹੁੰਦਾ ਹਾਂ। ਜੋ ਮੇਰੇ ਕੋਲ ਹੈ, ਮੈਂ ਉਸ ਤੋਂ ਖੁਸ਼ ਤੇ ਸੰਤੁਸ਼ਟ ਨਹੀਂ।
ਗੁਰੂ ਜੀ ਨੇ ਕਿਹਾ ਕਿ ਜੇਕਰ ਤੂੰ ਲਾਹੌਰ ਜਾਂ ਦੇਸ਼ ਜਾਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਵੀ ਗਿਆ ਤਾਂ ਕੀ ਤੈਨੂੰ ਇਸ ਨਾਲ ਖੁਸ਼ੀ ਮਿਲ ਜਾਵੇਗੀ। ਦੁਨੀ ਚੰਦ ਨੂੰ ਅਸਲ ਵਿਚ ਪਤਾ ਨਹੀਂ ਸੀ ਕਿ ਉਹ ਕਿਸ ਤਰ੍ਹਾਂ ਹਮੇਸ਼ਾ ਲਈ ਖੁਸ਼ ਹੋਵੇਗਾ। ਉਸ ਨੇ ਗੁਰੂ ਜੀ ਤੋਂ ਪੁੱਛਿਆ ਜੇਕਰ ਉਹੀ ਕੋਈ ਰਾਹ ਦੱਸ ਸਕਣ। ਗੁਰੂ ਜੀ ਨੇ ਇਕ ਸੂਈ ਕੱਢੀ ਤੇ ਦੁਨੀ ਚੰਦ ਨੂੰ ਕਿਹਾ ਇਹ ਸੂਈ ਰੱਖ ਲੈ ਤੇ ਤੇਰੇ ਕੋਲੋਂ ਇਹ ਅਗਲੇ ਜਨਮ ਵਿਚ ਲੈ ਲਵਾਂਗਾ। ਦੁਨੀ ਚੰਦ ਹੈਰਾਨ ਸੀ। ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰੇ। ਉਸ ਨੇ ਕਿਹਾ ਮੈਂ ਸ਼ਾਇਦ ਮੌਤ ਤੋਂ ਬਾਅਦ ਇਸ ਨੂੰ ਨਹੀਂ ਲਿਜਾ ਸਕਦਾ।
ਗੁਰੂ ਜੀ ਨੇ ਮੁਸਕਰਾ ਕੇ ਕਿਹਾ ਜੇਕਰ ਤੂੰ ਇੱਕ ਨਿੱਕੀ ਜਿਹੀ ਸੂਈ ਅਗਲੀ ਦੁਨੀਆ ਵਿਚ ਨਹੀਂ ਲਿਜਾ ਸਕਦਾ ਤਾਂ ਇਹ 7 ਕਰੋੜ ਰੁਪਿਆ ਅਗਲੀ ਦੁਨੀਆ ਵਿਚ ਕਿਵੇਂ ਲਿਜਾ ਸਕੇਗਾ। ਤੂੰ ਇਸ ਦੌਲਤ ਨੂੰ ਕਿਸੇ ਚੰਗੇ ਕੰਮ ‘ਤੇ ਨਹੀਂ ਲਾ ਰਿਹਾ। ਤੂੰ ਸਿਰਫ ਸਾਂਭ-ਸਾਂਭ ਕੇ ਰੱਖ ਰਿਹਾ ਹੈ। ਇਸ ਤਰ੍ਹਾਂ ਇਹ ਦੌਲਤ ਇਸ ਦੁਨੀਆ ਵਿਚ ਕਿਸੇ ਕੰਮ ਨਹੀਂ ਆ ਰਹੀ। ਗੁਰੂ ਜੀ ਨੇ ਸਮਝਾਇਆ ਕਿ ਇਹ ਦੌਲਤ ਗਰੀਬਾਂ ਨੂੰ ਵੰਡ ਦੇ ਜੋ ਭੁੱਖ ਹਨ, ਜਿਨ੍ਹਾਂ ਕੋਲ ਤਨ ਢਕਣ ਲਈ ਕੱਪੜੇ ਨਹੀਂ ਤੇ ਲੋੜਵੰਦਾਂ ਦੀ ਸਹਾਇਤਾ ਕਰਨ। ਇਸ ਤਰ੍ਹਾਂ ਤੈਨੂੰ ਆਨੰਦ ਤੇ ਖੁਸ਼ੀ ਮਿਲੇਗੀ। ਦੁਨੀ ਚੰਦ ਗੁਰੂ ਜੀ ਦਾ ਸਿੱਖ ਬਣ ਗਿਆ ਤੇ ਇਸ ਪਿੱਛੋਂ ਉਹੀ ਕਰਨ ਲੱਗਾ ਜੋ ਗੁਰੂ ਜੀ ਨੇ ਸਿੱਖਿਆ ਦਿੱਤੀ।