ਕਸਬਾ ਹਰਿਆਣਾ ਦੇ ਨਜ਼ਦੀਕ ਪਿੰਡ ਭਲਿਆਲਾ ਕੋਲ ਸਥਿਤ ਨਹਿਰ ‘ਚੋਂ ਪਾਣੀ ਭਰਨ ਗਏ ਇੱਕ ਨੌਜਵਾਨ ਦੇ ਪੈਰ ਫਿਸਲਣ ਨਾਲ ਨਹਿਰ ‘ਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਹਰਦੀਪ ਸਿੰਘ ਉਮਰ ਕਰੀਬ 24 ਸਾਲ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਪਿੰਡ ਰਾਮ ਟਟਵਾਲੀ ਪਿਛਲੇ ਕਰੀਬ 24 ਸਾਲਾਂ ਤੋਂ ਆਪਣੇ ਮਾਮੇ ਸੋਹਣ ਸਿੰਘ ਕੋਲ ਰਹਿੰਦਾ ਸੀ ਉਸ ਦਾ ਆਪਣਾ ਪਿੰਡ ਅਮਰੋਹ ਸੀ।
ਉਸ ਦੇ ਮਾਮੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਭਾਣਜਾ ਜਦੋਂ 22 ਦਿਨਾਂ ਦਾ ਸੀ ਤਾਂ ਉਹ ਉਸ ਨੂੰ ਆਪਣੇ ਕੋਲ ਲੈ ਆਇਆ ਸੀ ਅਤੇ ਉਸ ਦੀ ਪਰਵਰਿਸ਼ ਉਸ ਨੇ ਹੀ ਕੀਤੀ। ਉਹ ਸਰਕਾਰੀ ਪ੍ਰਾਇਮਰੀ ਸਕੂਲ ਭਲਿਆਲਾ ਵਿਖੇ ਚੱਲ ਰਹੇ ਉਸਾਰੀ ਦੇ ਕੰਮ ਵਿੱਚ ਦਿਨੇਸ਼ ਮਿਸਤਰੀ ਨਾਲ 3-4 ਮਹੀਨਿਆਂ ਤੋਂ ਲੇਬਰ ਦਾ ਕੰਮ ਕਰਦਾ ਸੀ।

ਮਿਸਤਰੀ ਦੱਸਿਆ ਕਿ ਅੱਜ ਜਦੋਂ ਕੰਮ ਦੇ ਦੌਰਾਨ ਟੈਂਕੀ ਚ ਪਾਣੀ ਖਤਮ ਹੋ ਗਿਆ ਤਾਂ ਉਸ ਨੂੰ ਪਾਣੀ ਲੈਣ ਭੇਜਿਆ ਗਿਆ। ਪਹਿਲਾਂ ਉਹ ਪਾਣੀ ਆਲੇ-ਦੁਆਲੇ ਘਰਾਂ ਚੋਂ ਲਿਆਂਦਾ ਸੀ, ਅੱਜ ਪਾਣੀ ਭਰਨ ਲਈ ਉਹ ਬਾਲਟੀ ਲੈ ਕੇ ਨਜ਼ਦੀਕ ਦੀ ਨਹਿਰ ‘ਤੇ ਜਾ ਪੁੱਜਾ, ਜਿੱਥੇ ਪਾਣੀ ਭਰਨ ਵੇਲੇ ਉਸ ਦਾ ਪੈਰ ਅਚਾਨਕ ਫਿਸਲ ਗਿਆ ਅਤੇ ਉਹ ਨਹਿਰ ‘ਚ ਜਾ ਡਿੱਗਿਆ।
ਜਦੋਂ ਉਹ 10-15 ਮਿੰਟਾਂ ਤੱਕ ਪਾਣੀ ਲੈ ਕੇ ਵਾਪਸ ਨਹੀਂ ਆਇਆ ਤੇ ਉਸ ਦੀ ਭਾਲ ਕੀਤੀ ਗਈ ਤਾਂ ਨਹਿਰ ਦੇ ਕੰਢੇ ਉਸ ਦੀਆਂ ਚੱਪਲਾਂ ਪਈਆਂ ਹੋਈਆਂ ਸਨ ਪਰ ਹਰਦੀਪ ਉਥੇ ਨਹੀਂ ਮਿਲਿਆ। ਜਦੋਂ ਉਸ ਦੀ ਖੋਜ ਸ਼ੁਰੂ ਕੀਤੀ ਗਈ ਤਾਂ ਉਕਤ ਜਗ੍ਹਾ ਤੋਂ ਕਰੀਬ ਦੋ ਕਿਲੋਮੀਟਰ ਦੂਰ ਉਹ ਬਾਲਟੀ, ਜਿਸ ਨਾਲ ਉਹ ਪਾਣੀ ਭਰ ਗਿਆ ਸੀ ਬਰਾਮਦ ਹੋਈ ਪਰ ਹਰਦੀਪ ਸਿੰਘ ਦਾ ਕੁਝ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਪੈਰ ਪਸਾਰਣ ਲੱਗਾ ਕੋਰੋਨਾ, ਸਰਕਾਰ ਨੇ ਜਾਰੀ ਕੀਤੀ ਅਡਵਾਇਜ਼ਰੀ
ਪਰਿਵਾਰਿਕ ਮੈਂਬਰਾਂ ਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਹੁਸ਼ਿਆਰਪੁਰ ਤੱਕ ਨਹਿਰ ‘ਚ ਉਸ ਦੀ ਭਾਲ ਕੀਤੀ ਪਰ ਉਸਦਾ ਕੋਈ ਪਤਾ ਨਹੀਂ ਲੱਗਾ ਹੈ। ਇਲਾਕਾ ਨਿਵਾਸੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਲੋਕਾਂ ਵੱਲੋਂ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਨਹਿਰ ਦੇ ਵਿੱਚ ਬਣੇ ਸਾਈਫਨ ‘ਚ ਉਸ ਦੇ ਫਸੇ ਹੋਣ ਦੀ ਉਮੀਦ ਹੈ। ਖਬਰ ਲਿੱਖੇ ਜਾਣ ਤੱਕ ਉਸਦੀ ਭਾਲ ਜਾਰੀ ਸੀ। ਪੁਲਿਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























