ਇਹ ਸੰਸਾਰ ਦੁੱਖਾਂ ਦਾ ਘਰ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਕਥਨ ‘ਨਾਨਕ ਦੁਖੀਆ ਸਭੁ ਸੰਸਾਰ’ ਸੱਚਮੁੱਚ ਜੀਵਨ ਦੀ ਕੌੜੀ ਸੱਚਾਈ ਭਰਿਆ ਹੋਇਆ ਹੈ। ਇਸ ਕਲਿਯੁਗ ਦੇ ਸਮੇਂ ਵਿੱਚ ਅਜਿਹਾ ਕੋਈ ਮਨੁੱਖ ਨਹੀਂ ਜੋ ਸੁਖੀ ਹੋਵੇ। ਕੋਈ ਸਰੀਰ ਵੱਲੋਂ ਦੁਖੀ ਹੈ ਤਾਂ ਕੋਈ ਮਨ ਵੱਲੋਂ ਤੇ ਕੋਈ ਧਨ ਵੱਲੋਂ। ਕੋਈ-ਕੋਈ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਨੂੰ ਤਨ, ਮਨ ਤੇ ਧਨ ਤਿੰਨੋਂ ਤਰ੍ਹਾਂ ਦੇ ਦੁੱਖ ਹਨ।
ਅਸਲ ਵਿੱਚ ਦੁਨੀਆ ਵਿਚ ਹਰ ਇਕ ਮਨੁੱਖ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਸਾਨੰ ਸਭ ਤੋਂ ਵੱਧ ਦੁਖ ਹੈ, ਜਦਕਿ ਬਾਕੀ ਸਾਰੇ ਲੋਕ ਸੁਖੀ ਹਨ। ਜਦਕਿ ਸ਼ੇਖ ਫ਼ਰੀਦ ਜੀ ਨੇ ਵੀ ਮਨੁੱਖੀ ਮਨ ਦੇ ਇਸ ਭੁਲੇਖੇ ਬਾਰੇ ਅਜਿਹਾ ਹੀ ਵਿਚਾਰ ਪੇਸ਼ ਕੀਤਾ ਹੈ । ਉਹ ਲਿਖਦੇ ਹਨ-
ਫ਼ਰੀਦਾ ਮੈਂ ਜਾਨਿਆ ਦੁਖ ਮੁਝ ਕੁ ਦੁਖ ਸਬਾਇਐ ਜਗੁ ॥
ਉੱਚੇ ਚੜ੍ਹ ਕੇ ਦੇਖਿਆ ਘਰਿ ਘਰਿ ਏਹਾ ਅਗੁ ॥
ਅਸਲ ਵਿਚ ਜਦੋਂ ਤੱਕ ਅਸੀਂ ਕਿਸੇ ਦੇ ਨੇੜਿਓਂ ਨਹੀਂ ਜਾਣਦੇ ਉਦੋਂ ਤੱਕ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੰਨਾ ਦੁਖੀ ਹੈ। ਜਦੋਂ ਅਸੀਂ ਅਮੀਰ ਲੋਕਾਂ ਦੀਆਂ ਕਾਰਾਂ ਤੇ ਆਲੀਸ਼ਾਨ ਕੋਠੀਆਂ ਨੂੰ ਦੇਖਦੇ ਹਾਂ ਤਾਂ ਸਾਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਨੂੰ ਕੋਈ ਦੁੱਖ ਨਹੀਂ ਹੋਵੇਗਾ। ਹਰ ਤਰ੍ਹਾਂ ਦੀ ਸਹੂਲਤ, ਪੈਸਾ, ਨੌਕਰ-ਚਾਕਰ, ਐਸੋ-ਆਰਾਮ, ਖਾਣ-ਪੀਣ ਨੂੰ ਚੰਗਾ ਸਭ ਕੁਝ ਹੈ। ਜੇਕਰ ਜ਼ਰਾ ਇਨ੍ਹਾਂ ਲੋਕਾਂ ਦੇ ਨੇੜੇ ਰਹਿਣ ਦਾ ਮੌਕਾ ਮਿਲੇ, ਤਾਂ ਪਤਾ ਲੱਗੇਗਾ ਕਿ ‘ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ’ ਕਹਿਣ ਵਾਂਗ ਇਹ ਲੋਕ ਮਾਨਸਿਕ ਤੌਰ ‘ਤੇ ਬਹੁਤ ਹੀ ਪ੍ਰੇਸ਼ਾਨ ਹੁੰਦੇ ਹਨ।
ਇਨ੍ਹਾਂ ਕੋਲ ਬਿਸਤਰੇ ਤਾਂ ਨਰਮ ਹਨ ਪਰ ਰਾਤਾਂ ਦੀ ਨੀਂਦ ਨਹੀਂ ਹੈ। ਖਾਣ-ਪੀਣ ਨੂੰ ਸਭ ਕੁਝ ਹੈ ਪਰ ਆਰਾਮਪ੍ਰਸਤੀ ਜੀਵਨ ਕਰਕੇ ਸਰੀਰ ਬੀਮਾਰੀਆਂ ਦਾ ਘਰ ਬਣ ਚੁੱਕਾ ਹੈ ਤੇ ਖਾਣ-ਪੀਣ ਦੀਆਂ ਡਾਕਟਰਾਂ ਵੱਲੋਂ ਪਾਬੰਦੀਆਂ ਲੱਗੀਆਂ ਹਨ।
ਦੂਜੇ ਪਾਸੇ ਗ਼ਰੀਬ ਲੋਕ ਆਰਥਿਕ ਤੰਗੀਆਂ ਕਰਕੇ ਪ੍ਰੇਸ਼ਾਨ ਤੇ ਦੁਖੀ ਰਹਿੰਦੇ ਹਨ । ਉਹ ਘਰ ਦੀਆਂ ਲੋੜਾਂ ਜੋਗੇ ਪੈਸੇ ਨਹੀਂ ਕਮਾ ਸਕਦੇ, ਪਰ ਉਨ੍ਹਾਂ ਦਾ ਆਸਰਾ ਸਬਰ-ਸੰਤੋਖ ਹੁੰਦਾ ਹੈ, ਜਿਸ ਕਰਕੇ ਉਹ ਮਾਨਸਿਕ ਤੌਰ ‘ਤੇ ਘੱਟ ਦੁੱਖ ਭੋਗਦੇ ਹਨ ।
ਅਮੀਰਾਂ-ਗਰੀਬਾਂ ਦੇ ਸਾਂਝੇ ਦੁੱਖ
ਇਸ ਤੋਂ ਬਿਨਾਂ ਸੰਬੰਧੀਆਂ ਤੇ ਮਿੱਤਰਾਂ ਦੀ ਮੌਤ, ਬਿਮਾਰੀਆਂ, ਦੁਰਘਟਨਾਵਾਂ, ਧਨ ਦੀ ਚੋਰੀ, ਔਲਾਦ ਦਾ ਚੰਗੀ ਨਾ ਹੋਣਾ, ਆਦਿ ਬਹੁਤ ਸਾਰੇ ਅਜਿਹੇ ਦੁੱਖ ਹਨ, ਜਿਹੜੇ ਕਿਸੇ ਅਮੀਰ ਜਾਂ ਗ਼ਰੀਬ ਦਾ ਲਿਹਾਜ਼ ਨਹੀਂ ਕਰਦੇ। ਅੱਜ-ਕਲ੍ਹ ਬੇਰੁਜ਼ਗਾਰੀ ਵੀ ਬਹੁਤ ਸਾਰੇ ਲੋਕਾਂ ਲਈ ਦੁੱਖ ਦਾ ਕਾਰਨ ਹੈ। ਘਰਾਂ ਵਿਚ ਨੂੰਹਾਂ-ਸੱਸਾਂ ਦੀ ਲੜਾਈ, ਸੁਹਰੇ ਗਈ ਧੀ ਉੱਪਰ ਸਹੁਰਿਆਂ ਦਾ ਜਬਰ, ਪਤੀ-ਪਤਨੀ ਦਾ ਆਪਸੀ ਝਗੜਾ, ਨੌਕਰੀ ਵਾਲੀ ਥਾਂ ਉੱਪਰ ਝਗੜੇ ਆਦਿ ਵੀ ਵਰਤਮਾਨ ਮਨੁੱਖ ਲਈ ਦੁੱਖ ਦਾ ਕਾਰਨ ਹਨ ।
ਸੰਸਾਰ ਦੁੱਖਾਂ ਦਾ ਘਰ ਹੈ
ਅਸਲ ਵਿੱਚ ਇਹ ਸੰਸਾਰ ਹੈ ਹੀ ਦੁੱਖਾਂ ਦਾ ਘਰ। ਇਥੇ ਅਸੀਂ ਆਪਣੇ ਕਰਮ ਭੋਗਣ ਤਾਂ ਆਏ ਹਾਂ। ਸਦਾ ਸੁਖ ਨਾ ਅਮੀਰ ਨੂੰ ਹਾਸਲ ਹੈ ਤੇ ਨਾ ਹੀ ਗਰੀਬ ਨੂੰ। ਦੁੱਖ ਤਾਂ ਬਾਦਸ਼ਾਹਾਂ, ਅਵਤਾਰਾਂ ਤੇ ਪੀਰਾਂ ਪੈਗੰਬਰਾਂ ਦੇ ਸਿਰ ਵੀ ਆਏ ਹਨ। ਰਾਮਚੰਦਰ ਤੇ ਸੀਤਾ ਜੀ ਨੂੰ ਬਨਵਾਸ ਦਾ, ਪਾਡਵਾਂ ਨੂੰ ਭਰਾਵਾਂ ਦੀ ਦੁਸ਼ਮਣੀ ਦਾ, ਗੁਰ ਅਰਜਨ ਦੇਵ ਜੀ ਨੂੰ ਸਰਕਾਰੀ ਜਬਰ ਦਾ, ਗੁਰੂ ਗੋਬਿੰਦ ਸਿੰਘ ਨੂੰ ਸਾਰਾ ਪਰਿਵਾਰ ਸ਼ਹੀਦ ਕਰਵਾਉਣ ਦਾ, ਸ਼ਾਹ ਜਹਾਨ ਨੂੰ ਪੁੱਤਰਾਂ ਦੀ ਕੈਦ ਵਿਚ ਪੈਣ ਦਾ ਤੇ ਸ਼ਿਵਾਜੀ ਨੂੰ ਔਰੰਗਜ਼ੇਬ ਦੇ ਧੋਖੇ ਦਾ ਦੁੱਖ ਸਹਾਰਨਾ ਪਿਆ ਸੀ। ਇਹ ਦੁੱਖ ਕਿਸੇ ਦੀ ਅਮੀਰੀ ਨਹੀਂ ਦੇਖਦਾ ਤੇ ਨਾ ਹੀ ਗਰੀਬੀ ਦੇਖਦਾ ਹੈ।
ਉਥੇ ਹੀ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਦੁੱਖ ਮਨੁੱਖੀ ਜੀਵਨ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ ।
ਉਹ ਫ਼ਰਮਾਉਂਦੇ ਹਨ : ਦੁੱਖ ਦਾਰੂ ਸੁਖ ਰੋਗ ਭਇਆ ॥
ਅਰਥਾਤ ਦੁੱਖ ਮਨੁੱਖੀ ਸਰੀਰ ਲਈ ਦਾਰੂ ਹੈ, ਪਰੰਤੂ ਸੁਖ ਰੋਗ ਸਮਾਨ ਹਨ। ਦੁੱਖਾਂ ਵਿਚ ਫਸਿਆ ਬੰਦਾ ਸੁੱਖਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਹੈ ਤੇ ਬਹੁਤ ਸਾਰੇ ਉਸਾਰੂ ਕੰਮ ਕਰ ਜਾਂਦਾ ਹੈ, ਜੋ ਕਿ ਉਸ ਦਾ ਵਿਅਕਤੀਗਤ ਵਿਕਾਸ ਕਰਦੇ ਹਨ, ਜਿਸ ਨਾਲ ਉਸ ਦੀ ਸ਼ਖ਼ਸੀਅਤ ਉੱਚੀ ਹੁੰਦੀ ਹੈ, ਪਰੰਤੂ ਹਰ ਵੇਲੇ ਸੁਖ ਭੋਗਣ ਵਾਲੇ ਬੰਦੇ ਦੀ ਅਵਸਥਾ ਖੜ੍ਹੇ ਪਾਣੀ ਵਰਗੀ ਹੁੰਦੀ ਹੈ, ਜੋ ਕਿ ਬਦਬੂ ਛੱਡਦਾ ਹੈ, ਇਸ ਲਈ ਦੁੱਖਾਂ ਦਾ ਮਨੁੱਖੀ ਜੀਵਨ ਵਿਚ ਹੋਣਾ ਮਨੁੱਖੀ ਸੱਭਿਅਤਾ ਤੇ ਸ਼ਖ਼ਸੀਅਤ ਦੇ ਵਿਕਾਸ ਲਈ ਜ਼ਰੂਰੀ ਹੈ ।
ਦੁੱਖ-ਸੁਖ ਮਨੁੱਖੀ ਜੀਵਨ ਦਾ ਅੰਗ ਹਨ-ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਨੂੰ ਮਨੁੱਖੀ ਜੀਵਨ ਦਾ ਸੁੱਖਾਂ ਵਾਂਗ ਹੀ ਅੰਗ ਸਮਝ ਕੇ ਸਵੀਕਾਰ ਕਰਨਾ ਚਾਹੀਦਾ ਹੈ । ਸੰਸਾਰ ਨੂੰ ਦੁੱਖਾਂ ਦਾ ਘਰ ਦੱਸਦਿਆ ਸੁਖ ਦੀ ਪ੍ਰਾਪਤੀ ਲਈ ਗੁਰੂ ਜੀ ਨੇ ਫ਼ਰਮਾਇਆ ਹੈ
ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮੁ ਆਧਾਰ ॥
ਸਾਨੂੰ ਦੁੱਖ ਵਿਚ ਪ੍ਰਭੂ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ ਹੈ । ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣਾ ਚਾਹੀਦਾ ਹੈ। ਇਸ ਦੇ ਨਾਲ ਮਨੁੱਖ ਵਿਚ ਆਤਮਿਕ ਬਲ ਪੈਦਾ ਹੁੰਦਾ ਹੈ ਤੇ ਉਹ ਦੁੱਖਾਂ ਨੂੰ ਪਛਾੜਨ ਲਈ ਸੰਘਰਸ਼ ਕਰਦਾ ਹੋਇਆ ਸੁਖ ਨੂੰ ਪ੍ਰਾਪਤ ਕਰਦਾ ਹੈ।
ਇਹ ਵੀ ਪੜ੍ਹੋ : ਸਤਿਗੁਰੁ ਸਚਾ ਪਾਤਿਸਾਹੁ ਕੂੜੇ ਬਾਦਿਸਾਹ ਦੁਨੀਆਵੇ॥ਧਰਤੀ ਦਾ ਬਾਦਸ਼ਾਹ ਬਾਬਰ ਤੇ ਧਰਮ ਦਾ ਪਾਤਸ਼ਾਹ ਬਾਬਾ ਨਾਨਕ