Baba Buddha Ji asking : ਸਿੱਖ ਇਤਿਹਾਸ ਅੰਦਰ ਇਕ ਹੀ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ ਜਿਹੇ ਵਿਸ਼ੇਸ਼ਣਾਂ ਨਾਲ ਜਾਣੀ ਜਾਣ ਵਾਲੀ ਸ਼ਖ਼ਸੀਅਤ ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ, 1506 ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਕਰਨ ਵਾਲੀ ਸੀ, ਜਿਨ੍ਹਾ ਦਾ ਪ੍ਰਭਾਵ ਬਾਬਾ ਬੁੱਢਾ ਜੀ ਦੀ ਜਿੰਦਗੀ ਤੇ ਵੀ ਪਿਆ।
ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ। ਇਕ ਦਿਨ ਮੱਝਾਂ ਚਾਰਦੇ ਚਾਰਦੇ ਖੇਤਾਂ ਵੱਲ ਗਏ ਤਾਂ ਇਨ੍ਹਾ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ। ਬੂੜਾ ਜੀ ਉਸ ਵੇਲੇ 12 ਸਾਲ ਦੇ ਸਨ। ਪ੍ਰੇਮ ਭਾਵ ਵਜੋਂ ਗੁਰੂ ਜੀ ਨੂੰ ਮੱਝ ਦਾ ਦੁੱਧ ਚੋਅ ਕੇ ਭੇਟ ਕੀਤਾ ਤੇ ਪੁੱਛਿਆ ਬਾਬਾ ਜੀ ਕੋਈ ਇਹੋ ਜਿਹਾ ਰਸਤਾ ਦੱਸੋ, ਜਿਸ ਨਾਲ ਮਨ ਨੂੰ ਸ਼ਾਂਤੀ ਮਿਲੇ। ਇਹ ਸ਼ਬਦ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਭਾਈ ਤੇਰਾ ਨਾਂ ਕੀ ਏ। ਉਨ੍ਹਾਂ ਕਿਹਾ ਕਿ ਮੇਰਾ ਨਾਂ ਬੂੜਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੇਰੀ ਉਮਰ ਤਾਂ ਬਹੁਤ ਛੋਟੀ ਹੈ ਪਰ ਗੱਲ-ਬਾਤ ਤੇਰੀ ਬੁੱਢਿਆਂ ਵਰਗੀ ਹੈ, “ਤੂੰ ਬੂੜਾ ਨਹੀਂ ਬੁੱਢਾ ਹੈਂ’। ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ ਜਿਨਾ ਨੂੰ ਹੁਣ ਸਿੱਖ ਸੰਗਤਾ ਪਿਆਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ ਤੇ ਬਾਦ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਸੇਵਕ ਬਣ ਗਏ ਤੇ ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਵੀ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ।
ਬਾਬਾ ਬੁੱਢਾ ਜੀ ਨੇ ਆਪਣਾ ਜੀਵਨ ਸੰਗਤਾ ਦੀ ਸੇਵਾ ਵਿਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਉਨ੍ਹਾਂ ਉੱਪਰ ਬਹੁਤ ਪ੍ਰਸੰਨ ਸਨ, ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਥਾਪਿਆ ਸੀ।