ਮਾਤਾ ਗੰਗਾ ਜੀ ਨੂੰ ਪੁੱਤਰ ਦੀ ਬਹੁਤ ਇੱਛਾ ਸੀ। ਮਾਤਾ ਗੰਗਾ ਨੇ ਆਪਣੇ ਪਤੀ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਫਰਿਆਦ ਸੁਣਾਈ ਤਾਂ ਪੰਚਮ ਪਾਤਸ਼ਾਹ ਨੇ ਫਰਮਾਇਆ ਕਿ ਬਾਬਾ ਬੁਢਾ ਜੀ ਦੀ ਸੇਵਾ ਵਿੱਚ ਬੀੜ ਸਾਹਿਬ ਜਾਉ- “ਵਹੁ ਸੁਤ ਇੱਛਾ ਪੂਰੀ ਕਰੈ”, ਤੁਹਾਡੀ ਪੁੱਤਰ ਦੀ ਇੱਛਾ ਪੂਰੀ ਕਰਨ ਦੇ ਸਮਰੱਥ ਉਹੀ ਹਨ।
ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਤੋਂ ਅਸ਼ੀਰਵਾਦ ਲੈਣ ਆਏ। ਉਹ ਬਾਬਾ ਬੁੱਢਾ ਜੀ ਵਾਸਤੇ ਖਾਣ ਲਈ ਬਹੁਤ ਸਾਰੇ ਪਕਵਾਨ ਲੈ ਕੇ ਗਏ ਅਤੇ ਉਨ੍ਹਾਂ ਨੂੰ ਭੇਟ ਕੀਤੇ। ਬਾਬਾ ਬੁੱਢਾ ਜੀ ਨੇ ਕੋਈ ਵੀ ਅਸ਼ੀਰਵਾਦ ਦੇਣ ਤੋਂ ਇਨਕਾਰ ਕਰ ਦਿੱਤਾ।
ਜਦੋਂ ਗੁਰੂ ਅਰਜਨ ਦੇਵ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਮਾਤਾ ਗੰਗਾ ਨੂੰ ਇਸ ਵਾਰ ਕਿਹਾ ਕਿ ਉਹ ਪੈਦਲ ਜਾਣ ਅਤੇ ਆਪਣੇ ਹੱਥਾਂ ਦਾ ਪਕਾਇਆ ਹੋਇਆ ਸਾਧਾਰਣ ਖਾਣਾ ਬਾਬਾ ਬੁੱਢਾ ਜੀ ਲਈ ਲੈ ਕੇ ਜਾਣ।
ਬਾਬਾ ਬੁੱਢਾ ਜੀ ਕੋਲ ਜਾਣ ਵੇਲੇ ਇਸ ਵਾਰ ਮਾਤਾ ਗੰਗਾ ਜੀ ਆਪਣੇ ਹੱਥੀਂ ਪਕਾ ਕੇ ‘ਮਿੱਸੀ ਰੋਟੀ’, ਪਿਆਜ਼ ਅਤੇ ਲੱਸੀ ਲੈ ਕੇ ਗਏ। ਮਾਤਾ ਗੰਗਾ ਜੀ ਦੇ ਇਸ ਵਾਰ ਆਉਣ ‘ਤੇ ਬਾਬਾ ਬੁੱਢਾ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਦਾ ਹੱਥਾਂ ਦਾ ਭੋਜਨ ਸਵੀਕਾਰ ਕਰਦੇ ਹੋਏ ਇਸ ਵਿੱਚੋਂ ਪਿਆਜ ਚੁੱਕ ਕੇ ਆਪਣੀਆਂ ਤਲੀਆਂ ਵਿੱਚ ਰੱਖਦੇ ਹੋਏ ਇਸ ਨੂੰ ਕੁਚਲ ਦਿੱਤਾ ਤੇ ਵਚਨ ਉਚਾਰੇ ਕਿ ਤੁਹਾਡੇ ਘਰ ਇੱਕ ਪੁੱਤਰ ਪੈਦਾ ਹੋਏਗਾ ਜੋ ਨਾਨਕ ਦੇ ਘਰ ਦੇ ਦੁਸ਼ਮਣਾਂ ਨੂੰ ਕੁਚਲ ਦੇਵੇਗਾ, ਜਿਵੇਂ ਮੈਂ ਇਸ ਪਿਆਜ਼ ਨੂੰ ਆਪਣੇ ਹੱਥ ਨਾਲ ਕੁਚਲਿਆ ਹੈ। ਉਸ ਦੀ ਬਹਾਦਰੀ ਬੇਮਿਸਾਲ ਹੋਵੇਗੀ।
ਇਹ ਵੀ ਪੜ੍ਹੋ : ਭਗਤ ਰਵਿਦਾਸ ਜੀ ਦੀ ਅਡੋਲਤਾ- ਪਾਰਸ ਪੱਥਰ ਲੈ ਕੇ ਆਇਆ ਸਾਧੂ ਵੀ ਹੋ ਗਿਆ ਹੈਰਾਨ
ਇਹ ਭਵਿੱਖਬਾਣੀ ਛੇਤੀ ਹੀ ਸੱਚ ਹੋਈ। 1595 ਵਿਚ ਗੁਰੂ ਹਰਿਗੋਬਿੰਦ ਜੀ ਨੇ ਮਾਤਾ ਗੰਗਾ ਜੀ ਦੀ ਕੁੱਖੋਂ ਜਨਮ ਲਿਆ। ਜਿਸ ਜਗ੍ਹਾ ‘ਤੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਨੇ ਪੁੱਤਰ ਦਾ ਵਰ ਦਿੱਤਾ, ਉਥੇ ਅੱਜ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਸਥਿਤ ਹੈ।